Archive for the ‘ਹਾਇਬਨ’ Category


taiaaJi

 

ਇਹ ਮੇਰੇ ਤਾਇਆ ਜੀ ਸ. ਸਰਵਣ ਸਿੰਘ ਗਿੱਲ ਹੁਰਾਂ ਨੂੰ ਸਮਰਪਤ ਹੈ।

ਅੱਜ ਵੀ, 85 ਸਾਲ ਦੀ ਉਮਰ ਵਿੱਚ, ਕਾਇਮ-ਦਾਇਮ ਹਨ। ਗੋਡਿਆਂ ਦਾ ਗਰੀਸ ਖਤਮ ਹੈ ਇਸਤੋਂ ਬਿਨਾਂ ਸਰੀਰ ਮੁਕੰਮਲ ਅਰੋਗ ਹੈ। ਗੋਡਿਆਂ ਕਾਰਨ ਬੈਠ ਨਹੀਂ ਹੁੰਦਾ ਸੋ ਕੋਡੇ ਹੋ ਕੇ ਹੀ ਪੱਠੇ ਵੀ ਵੱਢਦੇ ਹਨ ਅਤੇ ਉਹਨਾਂ ਦੀਆਂ ਲਗਾਈਆਂ ਸਬਜ਼ੀਆਂ, ਲਸਣ-ਪਿਆਜ਼ ਦੀਆਂ ਕਿਆਰੀਆਂ ਦਰਸ਼ਨਾਂ ਦੇ ਕਾਬਿਲ ਹੁੰਦੀਆਂ ਹਨ।

ਜਵਾਨੀ ਵੇਲੇ ਕੱਬਡੀ ਨਾਲ ਇਸ਼ਕ਼ ਸੀ, ਸਾਡੇ ਕੁੱਤੇ ਦੇ ਪੌਉਂਚੇ ਜਿੱਡੇ ਪਿੰਡ ਨੇ ਗੁਆਂਡੀ ਕਸਬੇ ਰਾਏਕੋਟ ਦੀ ਟੀਮ ਨੂੰ ਕਈ ਵਾਰ ਹਰਾਇਆ ਸੀ, ਜਵਾਨੀ ਦਾ ਮਾਣ ਸੀ ਕਿ ਕਦੇ ਕਿਸੇ ਦੇ ਕੈਂਚੀ ਨਹੀਂ ਸੀ ਮਾਰੀ, ਜਿੱਥੇ ਹੱਥ ਪੈ ਗਿਆ, ਬੱਸ! ਰੇਡਰ ਨੂੰ “ਖੜ੍ਹੇ ਨੂੰ ਈ ਮਨਾ ਲੈਣਾ”, ਕੋਡੀ ਪਾਉਣੀ ਤਾਂ ਇੱਕੋ ਧਾਉਲ ਮਾਰ ਕੇ ਸਟਾਪਰ ਨੂੰ ਪਾੜੇ ਦੀ ਲਾਈਨ ਤੋਂ ਉਡਦੇ ਨੂੰ ਬਾਹਰ ਭੇਜ ਦੇਣਾ।

ਜਿਉਂਦਾ ਜਾਗਦਾ ਇੱਕ ਕਿੱਸਾ ਹਨ, ਆਸ ਪਾਸ ਦੇ ਪਿੰਡਾਂ ਵਿੱਚ ਵੀ। ਇੱਕ ਭੁੱਲੀ-ਵਿਸਰੀ ਖੇਡ ਹੈ/ਸੀ “ਗੁੱਟ-ਫੜਾਈ” ਜਿਸ ਵਿੱਚ ਦੋ ਬੰਦਿਆਂ ਨੇ ਬਾਰੋ-ਬਾਰੀ ਇੱਕ ਦੂਜੇ ਦਾ ਗੁੱਟ ਫੜਿਆ ਛਡਾਉਣਾ ਹੁੰਦਾ ਹੈ। ਮੈਂ ਜਦ 2008 ਵਿੱਚ ਪੰਜਾਬ ਗਿਆ ਤਾਂ ਮੈਂ ਕਿਹਾ “ਚਲੋ ਖੇਡੀਏ” ਕਹਿੰਦੇ, “ਸ਼ੇਰਾ ਹੁਣ ਉਹ ਗੱਲਾਂ ਕਿੱਥੇ! ਤੂੰ ਜਵਾਨ ਏ ਐਵੇਂ ਕਿਤੇ ……, ਬੁੜੇ ਹੱਡ ਤਾਂ ਛੇਤੀ ਜੁੜਦੇ ਵੀ ਨਹੀਂ ਹੁੰਦੇ ਫਿਰ।”
ਮੈਂ ਗੁੱਟ ਫੜਿਆ ਉਹ ਢਿੱਡ ਵਿੱਚ ਹੱਸੀ ਜਾਣ ਮੈਂ ਬਾਂਹ ਨੂੰ ਮਰੋੜਾ ਜਿਹਾ ਵੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਕਿੱਥੇ! ਤਾਇਆ ਜੀ ਨੇ ਇੱਕ ਮਰੋੜਾ ਜਿਹਾ ਮਾਰਿਆ ਤੇ ਗੁੱਟ ਹੀ ਨਹੀਂ ਛਡਾ ਲਿਆ ਸਗੋਂ ਮੇਰੀ ਬਾਂਹ ਨੂੰ ਡੋਲੇ ਤੱਕ ਹੌਲ ਪਾ ਦਿੱਤਾ। ਆਪਣੀ ਵਾਰੀ ਮੈਂ ਗੁੱਟ ਤਾਂ ਕੀ ਛੁਡਾਉਣਾ ਸੀ ਬੱਸ ਇਹੋ ਕਹੀ ਜਾਵਾਂ, “ਜਾਣ ਦਿਓ ਤਾਇਆ ਜੀ”, ਉਹਨਾਂ ਦੇ ਉਂਗਲਾਂ ਦੇ ਨਿਸ਼ਾਨ ਮੇਰੀ ਕਾਂਬਾ ਲੱਗੀ ਬਾਂਹ ‘ਤੇ ਕਿੰਨਾ ਹੀ ਚਿਰ ਰਹੇ।
ਇੱਕ ਸੁਣਦੇ ਹੁੰਦੇ ਸੀ, ਉਹ ਤਾਇਆ ਜੀ ਵਰਗੀਆਂ ਨੂੰ ਦੇਖ ਕੇ ਹੀ ਘੜੀ ਗਈ ਹੋਵੇਗੀ:

ਸ਼ਹਿਰੀਂ ਵੱਸਦੇ ਦੇਵਤੇ ਪਿੰਡੀਂ ਵੱਸਣ ਮਨੁੱਖ
ਨਿੱਕੇ ਪਿੰਡੀਂ ਭੂਤਨੇ ਪੁੱਟ-ਪੁੱਟ ਸੁਟਣ ਰੁੱਖ।

ਪਰ ਪੁਰਾਣੇ ਲੋਕਾਂ ਦੇ ਹਰ ਕੰਮ ਵਿੱਚ ਇੱਕ ਸੁਹਜ ਹੁੰਦਾ ਸੀ, ਸੁਆਣੀਆਂ ਵੀ ਕੌਲੇ ਲਿੱਪ ਕੇ ਉੱਤੇ ਮੋਰ-ਚਿੜੀਆਂ ਦੀ ਕਲਾਕਾਰੀ ਉਦੋਂ ਤੱਕ ਕਰਨੋਂ ਨਾ ਹਟਦੀਆਂ ਜਦ ਤੱਕ ਉਹਨਾਂ ਨੂੰ ਆਪ ਈ ਨਜ਼ਰ ਲੱਗਣ ਦੇ ਡਰ ਤੋਂ ਹਾਰੇ ਦੀ ਕਾਲਖ਼ ਨਾਲ ਆਪਣੇ ਹੱਥ ਦਾ ਠੱਪਾ ਲਾਉਣਾ ਅਸਲੋਂ ਜ਼ਰੂਰੀ ਨਾਂਹ ਲੱਗਣ ਲੱਗ ਜਾਂਦਾ।
ਸਾਦਗੀ ਵਿੱਚ ਖ਼ੂਬਸੂਰਤੀ ਦੇ ਉਹ ਪਿਆਰੇ ਦਿਨ ਤਾਂ ਹੁਣ ਕਿਸੇ ਕਿਤਾਬ ਵਿੱਚ ਵੀ ਪੜ੍ਹਨ ਨੂੰ ਨਹੀਂ ਮਿਲਦੇ।

ਕਾਵਿ-ਰਚਨਾ . . .
ਜੋੜੀ ਪਿੱਛੇ ਫਲ ਕੱਢੇ
ਸਿੱਧੇ ਸਿਆੜ

 

Advertisements