Archive for the ‘ਬਾਸ਼ੋ ਦਾ ਹਾਇਬੁਨ’ Category


ਬਾਸ਼ੋ ਦਾ ਹਾਇਬੁਨ (ਇੱਕ )

( ਡਾਨਲਡ ਕੀਨ ਦੇ ਜਾਪਾਨੀ ਤੋਂ ਅੰਗ੍ਰੇਜ਼ੀ ਵਿੱਚ ਕੀਤੇ ਅਨੁਵਾਦ ‘ਤੇ ਆਧਾਰਿਤ )
( ਅਨੁ. ਦਲਵੀਰ ਗਿੱਲ )
***************************************************************************************************************************

ਮਾਹ-ਦਿਨ, ਅਨੰਤ ਕਾਲ ਤੋਂ ਯਾਤਰੂ ਹਨ। ਆਉਂਦੇ ਜਾਂਦੇ ਸਾਲ ਵੀ ਮੁਸਾਫ਼ਿਰਾਂ ਵਾਂਗ ਹੀ ਹਨ। ਸਮੁੰਦਰੀ ਜਹਾਜਾਂ ਦੇ ਸਵਾਰ ਜੋ ਸਦਾ ਸਫ਼ਰ ‘ਤੇ ਰਹੇ ਜਾਂ ਉਹ ਜਵਾਨ ਜੋ ਘੋੜਿਆਂ ਦੀਆਂ ਲਗਾਵਾਂ ਸਾਂਭੀ, ਚਲ-ਸੋ-ਚਲ ਕਰਦੇ, ਕਾਠੀਆਂ ਰਕਾਬਾਂ ਵਿੱਚ ਹੀ ਬੁਢੇ ਹੋ ਗਏ; ਸਫ਼ਰ ਦੇ ਜਿਸ ਮੁਕਾਮ ‘ਤੇ ਰਾਤ ਪਈ ਉਹੋ ਉਹਨਾਂ ਦਾ ਘਰ ਹੋ ਨਿਬੜਿਆ। ਪੁਰਾਣੇ ਵਕ਼ਤਾਂ ਵਿੱਚ ਨਾ ਜਾਣੇ ਕਿੰਨਿਆਂ ਨੂੰ ਮੌਤ ਨੇ ਉਦੋਂ ਆਪਣੀ ਗੋਦ ਵਿੱਚ ਲਿਆ ਜਦੋਂ ਉਹ ਅਜਿਹੀਆਂ ਸਫ਼ਰੀ ਮੁਹਿੰਮਾਂ ਵਿਚਕਾਰ ਹੀ ਸਨ; ਪਿਛਲੇ ਕੁਝ ਸਾਲਾਂ ਤੋਂ ਹਵਾ ਦੇ ਧੱਕੇ ਚੜ੍ਹਿਆ ਕੋਈ ਬੱਦਲ ਵੇਖ ਕੇ ਮੇਰੇ ਅੰਦਰ ਵੀ ਵਿਚਾਰਾਂ ਦੀ ਇੱਕ ਅਟੁੱਟ ਲੜ੍ਹੀ ਚਲ ਪੈਂਦੀ ਹੈ – ਰਮਤਾ ਹੋ ਜਾਣ ਦੀ।

ਪਿਛਲਾ ਸਾਰਾ ਸਾਲ ਮੈਂ ਸਾਗਰ ਦੇ ਤੱਟ ਲਾਗੇ ਇਵੇਂ ਘੁਮੱਕੜ-ਪੁਣੇ ਵਿੱਚ ਹੀ ਗੁਜ਼ਰ ਦਿੱਤਾ। ਪੱਤਝੜ੍ਹ ਦੇ ਆਉਣ ਤੱਕ ਮੈਂ ਆਪਣੀ ਨਦੀ ਕਿਨਾਰੇ ਵਾਲੀ ਕੁਟੀਆ ਵਿੱਚ ਪੁੱਜ ਗਿਆ ਅਤੇ ਉਸ ਵਿੱਚ ਲੱਗੇ ਹੋਏ ਮੱਕੜੀਆਂ ਦੇ ਜਾਲ਼ਿਆਂ ਨੂੰ ਝਾੜਿਆ ਪੂੰਝਿਆ। ਹੁੰਦੇ ਹੁੰਦੇ ਸਾਲ ਮੁੱਕਿਆ। ਬਸੰਤ ਰੁੱਤ ਦੀ ਆਮਦ ‘ਤੇ ਜਦੋਂ ਅਜੇ ਵੀ ਧੁੰਦ ਹੁੰਦੀ ਸੀ ਮੈਂਨੂੰ ਫੁਰਦਾ ਕਿ ਸ਼ੀਰਾਕਾਵਾ ਵਾਲਾ ਨਾਕਾ ਟੱਪ ਕੇ ਓਕੂ ਦੇ ਇਲਾਕ਼ੇ ਵਿੱਚ ਪਹੁੰਚ ਜਾਵਾਂ। ਆਵਾਰਗੀ ਦਾ ਭੂਤ ਮੇਰੇ ਸਿਰ ‘ਤੇ ਸਵਾਰ ਸੀ ਤੇ ਉਸਨੇ ਮੇਰੀ ਮੱਤ ਜਿਵੇਂ ਅਸਲੋਂ ਹੀ ਮਾਰ ਦਿੱਤੀ ਹੋਈ ਸੀ। ਸਫ਼ਰ ਦਾ ਨਿਗਾਹਵਾਨ ਦੇਵਤਾ ਜਿਵੇਂ ਮੈਨੂੰ ਆਵਾਜ਼ਾਂ ਪਿਆ ਮਾਰਦਾ ਸੀ ਤੇ ਮੈਥੋਂ ਕੋਈ ਵੀ ਕੰਮ ਕਰਿਆਂ ਨਹੀਂ ਸੀ ਬਣਦਾ।

ਮੈਂ ਆਪਣੀ ਪਾਟੀ ਪਤਲੂਣ ਗੰਢ ਲਈ ਅਤੇ ਬਾਂਸ ਦੀਆਂ ਛਿਟੀਆਂ ਵਾਲੀ ਆਪਣੀ ਟੋਪੀ ਦੀ ਡੋਰੀ ਵੀ ਬਦਲ ਲਈ। ਲੱਤਾਂ ‘ਚ ਜਾਨ ਪਾਉਣ ਲਈ ਮੈਂ ਪਿੰਡਲੀਆਂ ਅੱਗੇ ( ਨਰਹਰ ‘ਤੇ ) ਜੜ੍ਹੀ-ਬੂਟੀਆਂ[^1] ਦੇ ਲੇਪ ਕੀਤੇ। ਉਦੋਂ ਮੈਨੂੰ ਹੋਰ ਕੁਝ ਨਹੀਂ ਸੀ ਸੁੱਝਦਾ, ਮਾਤ੍ਸੂਸ਼ੀਮਾ ਦੀਪ-ਸਮੂਹ ਤੋਂ ਦਿਸਦੇ ਚੰਦ੍ਰਮਾ ਤੋਂ ਬਿਨਾਂ । ਜਦੋਂ ਮੈਂ ਆਪਣੀ ਕੁਟੀਆ ਵੇਚੀ ਅਤੇ ਸਾਂਪੂ ਦੀ ਨਗਰੀ ਆ ਟਿਕਾਣਾ ਕੀਤਾ, ਜਿੱਥੇ ਮੈਂ ਆਪਣੀ ਯਾਤ੍ਰਾ ਸ਼ੁਰੂ ਕਰਨ ਤੱਕ ਟਿਕਣਾ ਸੀ, ਤਾਂ ਮੈਂ ਇਹ ਕਵਿਤਾ ਥੰਮੀ ਨਾਲ ਲਟਕਾ ਛੱਡੀ:

ਫੂਸ ਦੀ ਕੁੱਲੀ
ਨਵੇਂ ਮਾਲਕ ਹੱਥਿ
ਪਟੋਲ੍ਹੇ ਦਾ ਘਰ! [^2]

ਇਹ ਹੋੱਕੂ-ਲੜ੍ਹੀ ਦੀਆਂ ਅੱਠ ਕਵਿਤਾਵਾਂ ਵਿੱਚੋਂ ਪਹਿਲਾ ਹੋ ਨਿਬੜਿਆ। [^3]
…………………………………………………………………………….
[^1] : In original “Moxa” ( Mugwart )
[^2] : ਪਟੋਲ੍ਹੇ ਦਾ ਘਰ = ਇਸ਼ਾਰਾ ਇੱਕ “ਗੁਡੀਆਂ ਦੇ ਤਿਉਹਾਰ” ਵਲ ਹੈ।
[^3] : ਇਹ ਅਨੁਵਾਦ ਡਾਨਲਡ ਕੀਨ ਦੇ ਜਾਪਾਨੀ ਤੋਂ ਅੰਗ੍ਰੇਜ਼ੀ ਵਿੱਚ ਕੀਤੇ ਅਨੁਵਾਦ ‘ਤੇ ਆਧਾਰਿਤ ਹੈ।
ਮਾਕੋਤੋ ਯੋਏਡਾ ਦੇ ਅਨੁਵਾਦ ਵਿੱਚ ਹੋਰ ਥਾਈਂ ਭਾਸ਼ਾ-ਭੇਦ ਤੋਂ ਇਲਾਵਾ ਅੰਤਲੇ ਹਾਇਕੂ ਨੂੰ ਉਸਨੇ ਇੰਝ ਅਨੁਵਾਦਿਆ ਹੈ:

ਇਸ ਦਰਵਾਜ਼ੇ ਪਿੱਛੇ
ਹੁਣ ਘਾਹ ਹੇਠ ਡੂੰਘਾ ਦੱਬਿਆ
ਭਵਿੱਖ ਦੀ ਕੋਈ ਪੀੜ੍ਹੀ ਮਨਾਵੇਗੀ
ਗੁਡੀਆਂ ਦਾ ਤਿਉਹਾਰ

Advertisements