ਹਾਇਕੂ ਦੀ ਮੌਤ – I

Posted: January 11, 2014 in Dalvir Gill, Haiku, Hokku, Robert D. Wilson, Translations, Writer
Tags: , , , , , ,

Untitled-1 copy

ਹਾਇਕੂ ਦੀ ਮ੍ਰਿਤੂ
ਹੋਂਦ ਅਤੇ ਅਣਹੋਂਦ  : ਰਾਹੋਂ ਭਟਕ ਚੁੱਕਾ ਇੱਕ ਤਜ਼ਰਬਾ

ਅੰਤਿਮ ਅਤੇ ਛੇਵਾਂ ਭਾਗ: ਹਾਇਕੂ ਦੇ ਸੁਹਜ ਬਾਰੇ ਨਿਬੰਧ

ਰਾਬਰਟ ਡੀ. ਵਿਲਸਨ 

ਅਨੁਵਾਦ: ਦਲਵੀਰ ਗਿੱਲ

ਕੱਚਘਰੜ ਅਤੇ ਸਿੱਧੜ ਲੋਕਾਂ ਦੇ ਹੱਥ ਆਉਣ ਤੋਂ ਬਾਅਦ ਹਾਇਕੂ ਦਿਨੋਂਦਿਨ ਵਧ ਰਿਹਾ ਹੈਗਿਣਤੀ ਵਿੱਚ ਵੀ ਅਤੇ ਤੁੱਛਤਾ ਤੇ ਟੁੱਚਪੁਣੇ ਵਿੱਚ ਵੀ।

– ਮਾਸਾਓਕਾ ਸ਼ੀਕੀ

ਅਨੁ. ਜੇਨੀਨ ਬੀਖਮਨ : ਮਾਸਾਓਕਾ ਸ਼ੀਕੀਜੀਵਨ ਅਤੇ ਰਚਨਾ

 

 

ਗੰਜਾ ਨਸਲਵਾਦੀ

ਮੱਥੇਤੇ ਖੁਣੇ ਸ਼ਬਦ

ਮਾਂ ਚੁਦਵਾ

ਜੈਕਗਲਮਿਤਜ਼ਨਿਊਯਾਰਕ, ਅਮਰੀਕਾਸਪਾਟ, ਇਮਪ੍ਰੈੱਸ 2013

ਦਿਮਿਤ੍ਰ ਅਨਾਕਿਏਵ ਦੁਆਰਾ ਆਪਣੇ ਫੇਸਬੁੱਕ ਗਰੁੱਪਹਾਇਕੂ ਮਾਸਟਰ ਕਲਾਸਵਿੱਚ ਅਕਤੂਬਰ 12, 2013 ਨੂੰ ਪ੍ਰਕਾਸ਼ਿਤ ਕੀਤਾ ਗਿਆ। 

 

ਮੇਰਾ ਬਾਪੂ,

ਮੂੰਹ ਅਤੇ ਗੁਦਾ ਦੋਵੇਂ ਖੁੱਲੇ

ਇੱਕ ਚਮਕਦਾ ਬੱਦਲ
ਬਨਯਾਨਾਤਸ਼ੁਇਸ਼ੀ, ਜਾਪਾਨ 

 

ਫਟੇ ਕੋਟ ਦੇ ਸੁਰਾਖਾਂਤੇ

ਟਾਕੀਆਂ ਲਗਾਉਂਦਾਇੰਝ ਬਣਿਆ ਮੈਂ

ਮਾਰਕਸਵਾਦੀ

– ਦਿਮਿਤ੍ਰ ਅਨਾਕਿਏਵ, ਸਲੋਵੇਨੀਆ

 

ਮੱਛੀਆਂ ਦਾ ਨਵਾਂ ਤਾਲਾਬ

ਬਿੱਲੀ ਨੇਂ ਸਿਖਿਆ

ਤੈਰਨਾ

ਲੋਰਿਨ ਫੋਰਡ, ਆਸਟ੍ਰੇਲੀਆ
ਮਸ਼ਹੂਰਸ਼ੀਕੀ ਕੁਕਾਈਮੁਕਾਬਲੇ ( ਜੂਨ, 2005 ) ਵਿੱਚ ਨੌਵਾਂ ਸਥਾਨ 

 

ਬੇਧਿਆਨੇ ਜਗਤ ਮੂਹਰੇ ਵਾਲਰਸ ਦੇ ਬੁੱਲ੍ਹਾਂ ਵਾਜਾ

ਮਾਰਲੀਨ ਮਾਉਨਟੈਨ, ਅਮਰੀਕਾਹਾਇਕੂ 21; 2011  

 

ਕੋਹਰਾ ਜੰਮੀ ਖਿੜਕੀ

ਹਮਾਮ ਵਿੱਚ ਸ਼ਾਮਿਲ ਕੀਤੀ ਮੈਂ

ਰਬੜ ਦੀ ਬੱਤਖ

ਰਾਬਰਟਾਬਿਐਰੀਵਾਸ਼ਿੰਗਟਨਡੀ. ਸੀ., ਅਮਰੀਕਾ  

ਕਿਯੋਸ਼ੀ ਅਤੇ ਕੀਯੋਕੋ ਤੋਕੁਤੋਮੀ ਯਾਦਗਾਰੀ ਹਾਇਕੂ ਮੁਕਾਬਲੇ 2012 ਦਾ ਜੇਤੂ

 

ਬਨਸਪਤੀਵਿਗਿਆਨ ਦਾ ਬਾਗ

ਪਲਾਸਟਕੀ ਫੁੱਲ ਝੂਮੇ

ਮਹਿਲਾ ਦੇ ਟੋਪ ਚੋਂ

ਅਰਨੈਸਟਬੈਰੀ, ਨਿਊਜ਼ੀਲੈਂਡ

23ਵੇਂ ਇਤੋ ਏਨ ਓਈ ਓਚਾ ਨਵੀਨ ਹਾਇਕੂ ਮੁਕਾਬਲੇ, 2013, ਵਿੱਚ ਸਨਮਾਨਿਤ ਦਾਖਲਾ

 

ਨਿਰਸੰਦੇਹ ਪੱਤਝੜ ਦੇ ਰੰਗ

ਕ੍ਰਿਸਟੋਫਰ ਪੈਛਲ, ਅਮਰੀਕਾ 

ਤੀਸਰਾ ਸਥਾਨ , ਪਹਿਲੇ ਸਲਾਨਾ ਪੈੱਗੀ ਵਿੱਲਿਸ ਲਾਏਲਸ ਹਾਇਕੂ ਇਨਾਮਾਤ 2013

 

 

ਖਚਾਖੱਚਭਰੀਲਿਫਟਵਿੱਚਸਾਰੀਆਂਮੰਜ਼ਿਲਾਂਦੇਬਟਨਦੱਬੇਹੋਏ   

ਜਾਹਨ ਸਟੀਵਨਸਨਨਿਊਯਾਰਕ, ਅਮਰੀਕਾ; ਅੰਗ੍ਰੇਜ਼ੀ ਹਾਇਕੂ 2013  

 

, ਪਰਨਾਰ !

ਚੁੱਕੀ ਜਾਵੇਂ ਆਈਸ-ਸਕੇਟ

ਗਿੱਲੇ ਜੋ ਹਾਲੀ

ਤਾਕਾਹਾ ਸ਼ੁਗਯੋ

ਅਨੁ.: ਹੋਸ਼ਿਨੋ ਸੂਨੇਹੀਕੋ ਅਤੇ  ਏਡ੍ਰੀਅਨ ਜੇ. ਪਿਨਿੰਗਟਨ 

ਅੰਤਰਰਾਸ਼ਟਰੀ ਹਾਇਕੂਸੰਸਥਾ, ਜਾਪਾਨ 

 

ਮੈਂ ਬਚ ਨਿਕਲਾਂਗਾ

ਜੇਨ ਨੂੰ ਬਗਲ ਦਬਾਏ

ਟਾਰਜ਼ਨ ਵਾਂਗ

ਯੋਸ਼ੀਤੋਮੋਅਬੇ

ਅਨੁ.: ਬਨਯਾ ਨਾਤਸ਼ੁਇਸ਼ੀ ਅਤੇਡੇਵਿਡ ਜੀ. ਲੇਨਊ

ਨਿਗਾਤਾ ਪ੍ਰੀਫੈਕਟਰ, ਜਾਪਾਨ 

ਗਿਨਯੂ ਨੰਬਰ 21

ਜਦ ਤੱਕ ਉਹ ਖ਼ੁਦ ਮੈਨੂੰ ਪਿਆਰ ਨਾ ਕਰੇ ਮੈਂ ਪੀਵਾਂ ਵਿਹਸਕੀ

ਜਿਮ ਕੇਚੀਅਨ, ਅਮਰੀਕਾ

ਨੀਲੀਆਂਨੀਲੀਆਂਘੰਟੀਆਂਚਿੱਟੀਆਂਨੀਲੀਆਂਘੰਟੀਆਂਨੀਲੀਆਂਸਾਰੀਆਂਘੰਟੀਆਂ  

ਹੇਲੇਨ ਬਕਿੰਘਮਬ੍ਰਿਸਲ, ਇੰਗਲੈਂਡ

ਅੰਡਰ ਬਾਸ਼ੋ, ਪੱਤਝੜ 2013

ਕਾਗਜ਼ਮੋੜਨ ਦੀ ਕਲਾ

ਤਿੰਨ ਮੋੜ ਪਹਿਲਾਂ ਸੀ . . .

ਜਦ ਮੈਂ ਕੰਮ ਗਾਲਿਆ!

ਮਾਈਕ ਰੇਹਲਿੰਗ, ਅਮਰੀਕਾ

ਅੰਡਰ ਬਾਸ਼ੋ, ਪੱਤਝੜ 2013

ਮਿਆਊਂ ਮਿਆਊਂ ਵੱਜੇ ਸਾਰੰਗੀ / ਚੰਦ ਨੂੰ ਲੱਤਾਂ ਮਾਰੇ / ਓਹ ਗਿਆ ਮੂ

– ਤੋਸ਼ੀਓ ਕੀਮੂਰਾ, ਅਮਰੀਕਣ ਹਾਇਕੂ ਸੰਸਥਾ ਦਾ ਪ੍ਰਧਾਨਗੀ ਭਾਸ਼ਣ

 

ਕੁਝ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ, ਉਹਨਾਂ ਲੋਕਾਂ ਦੀ ਸੇਵਾ ਵਿੱਚ ਜੋ ਮੂੰਗਫਲੀ ਚੱਬਦੇ, ਸੈਂਡਵਿਚਾਂ ਨਾਲ ਅੰਨ-ਸਾੜ ਕਰਦੇ ਗਲ ਤੱਕ ਢਿੱਡ ਭਰੀ ਬੈਠੇ ਬੇਸਬਾਲ ਦੇ ਮੈਚ ਦੇਖਦੇ ਉਹਨਾਂ ਹੋਮ-ਰਨ ਨੂੰ ਉਡੀਕ ਰਹੇ ਹਨ ਜੋ ਕਦੇ ਨਹੀਂ ਵੱਜਦੇ, ਸਮੁੰਦਰੀ ਲਹਿਰਾਂ ਵਾਂਗ ਇੱਕ ਤੋਂ ਮਗਰੋਂ ਇੱਕ ਆਪਣੀ ਵਾਰੀ ਉਡੀਕਦੇ ਸ਼ਰੀਰਾਂ ਦੀ ਤਾਲ ਮਿਲਾ ਕੇ … ਸਾਗਰੀ ਬਾਜ਼ ਦੀ ਚੀਖ਼, ਪਾਣੀ ਭਿੱਜੇ ਹੱਥਾਂ ਦੀ ਦਿਲਦਾਰੀ ਖੁਸਰ-ਫੁਸਰ ਜੋ ਬੱਚਿਆਂ ਦੇ ਸੁਫਨਿਆਂ ਵਿੱਚ ਰੇਤ ਦੇ ਘਰ ਉਸਾਰਨ ਲਈ ਤਰਲੋ-ਮੱਛੀ ਹੁੰਦੀ ਹੈ, ਭਲਕ ਵਾਲੀ ਤੋਂ ਪਹਿਲਾਂ ਵਾਲੀ ਰਾਤ, ਹੰਪਟੀ-ਡੰਪਟੀ ਦੀ ਮਣਾਂ-ਮੂੰਹ ਖੁਣੀ ਹੋਈ ਬਾਂਹ ਤੋ ਤ੍ਰਿਪਕਦੀ ‘ਹੁਣ’ ਦੇ ਜਨੇਪੇ ਦੀ ਜੇਰ, ਉਸੇ ਨਰਸਰੀ ਗੀਤ ਵਾਲੇ ਰਾਜੇ ਦਾ ਸਾਰਾ ਅਮਲਾ ਫੈਲਾ ਇੱਕ ਖੂੰਜੇ ਖੜ੍ਹਾ ਸਿਗਰਟਾਂ ਫੂਕਦਾ, ਬੀਅਰਾਂ ਡੱਫਦਾ, ਆਪਣੇ ਪਤਾਲੂ ਖ਼ੁਰਕਦਾ ਉਹਨਾਂ ਸ਼ੀਸ਼ਿਆਂ ਤੇ ਟੇਕ ਬੰਨ ਨੀਝ ਨਾਲ ਤੱਕ ਰਿਹਾ ਹੈ ਜੋ ਉਹਨਾਂ ਝੋਨੇ ਦੇ ਖੇਤਾਂ ਵਿਚੋਂ ਇਕੱਤਰ ਕੀਤੇ ਸਨ ਜਿਹੜੇ ਵੰਡਰਲੈਂਡ ( ਅਜਬ-ਨਗਰੀ ) ਨੇ ਏਲਿਸ ਨਾਲ ਪੀਚੋ-ਬੱਕਰੀ ਖੇਡ ਕੇ ਪਿੱਛੇ ਛੱਡੇ ਸਨ ਅਤੇ  … ਅਕਲ ਹਰਨ ਹੋ ਗਈ, ਲਤਾਂ ਵਿਚਾਲੇ ਪੂੰਛ ਦੱਬ ਕੇ।

 

ਬਾਸ਼ੋ ਮਹਾਸ਼ਾ ਜੀਓ, ਮੈਨੂੰ ਮੇਰੇ ਹਾਲ ‘ਤੇ ਛੱਡ ਦਿਓ ! ਮੈਂ ਨਾਂਹ ਤਾਂ ਗਾਲੀਆਥ ਵਿੱਚ ਰਾਜੇ ਡੇਵਿਡ ਵਾਂਗ ਆਪਣੇ ਗੁਲੇਲੇ ਚੋਂ ਪੱਥਰ ਵ੍ਰਾਹੁਣੇ ਚਾਹੁੰਦਾ ਹਾਂ ਨਾਂਹ ਨਿਊ ਯਾਰਕ ਯੈੰਕੀਆਂ ਦਾ ਆਲ-ਸਟਾਰ ਗੇਂਦਬਾਜ਼, ਤੀਜੇ ਬੇਸ ‘ਤੇ ਮੇਰੀ ਰੂਹ ਉਸਲਵੱਟੇ ਲੈਂਦੀ, ਉਡੀਕਦੀ ਕਿ ਕਦ ਪ੍ਰੇਤ ਨੱਸ ਉੱਡਣ ਉਹਨਾਂ ਘਸਮੈਲੇ ਜਿਹੇ ਬੱਦਲਾਂ ਵੱਲ ਜੋ ਕਿਸੇ ਛੁਣਛੁਣੇ ਵਾਲੇ ਸੱਪ ਵਾਂਗ ਫੁੰਕਾਰੇ ਮਾਰਦੇ ਹਨ। 

 

ਮੈਂ ਕਰਾਂ ਤਾਂ ਫਿਰ ਕਰਾਂ ਕੀਹ ? ਹੋੱਕੁ ਅਤੇ ਵਾਕਾ ਨਾਲ ਮੈਨੂੰ ਇਸ਼ਕ਼ ਹੈ, ਨਿੱਕ-ਆਕਾਰੀ ਜਾਪਾਨੀ ਕਵਿਤਾ ਨਾਲ ਮੇਰਾ ਮੋਹ ਦਾ ਰਿਸ਼ਤਾ ਹੈ, ਆਹ! ਦੇ ਤਾਣੇ-ਪੇਟੇ ਤੇ ਕਵਿਤਾ ਦਾ ਪੜ੍ਹਨਾ ਤੇ ਲਿਖਣਾ, ਖੋਜ-ਕਾਰਜ ਵਿੱਚ ਡੁੱਬ ਜਾਣਾ, ਪੂਰਵ-ਵਿਕਲਪਾਂ ਤੋਂ ਮਨ ਨੂੰ ਖ਼ਾਲੀ ਕਰਨਾ, ਜ਼ੌਕਾ ( ਹੁਕੁਮ ) ਦਾ ਭਾਣਾ ਸੱਤ ਕਰ ਮੰਨ ਉਸਦੇ ਪਿੱਛ-ਲੱਗ ਬਣ ਉਹਨਾ ਥਾਵਾਂ ਵਰਤਾਰਿਆਂ ਨੂੰ ਜਾਚਣਾ-ਵਾਚਣਾ ਜੋ ਹਨ ਵੀ ਤੇ ਨਹੀਂ ਵੀ – ਜੋ ਸੱਤ ਵੀ ਹਨ ਅਤੇ ਮਾਯਾ ਵੀ, ਕਿਸੇ ਘੁਮੱਕਡ ਵਾਂਗ ਕਦੇ ਵੀ ਨਿਚਲਾ ਨਹੀਂ, ਸ਼ਬਦਾਂ ਦੇ ਤਲ ਤੋਂ ਗਹਿਰਾ ਮਹਿਸੂਸ ਕਰਨਾ, ਮੇਰੇ ਗਿਆਨ-ਇੰਦ੍ਰੇ ਮਨ ਦੀ ਰਫਤਾਰ ਤੋਂ ਵੀ ਤੇਜ਼, ਆਕਾਸ਼-ਗੰਗਾ ਦੀਆਂ ਲਹਿਰਾਂ ਨਾਲ ਦੌੜ ਦਾ ਮੁਕਾਬਲਾ ਜਿਉਂ, ਹਰ ਸਿਤਾਰਾ, ਚਿੱਤ-ਰੰਜਨ ਪਾਰਕ ਦੀ ਕੋਈ ਸਵਾਰੀ, ਸੁਬਹ-ਸਵੇਰੇ ਅਜੇ ਬਗਲੇ ਜਦੋਂ ਸੁਫ਼ਨੇ ਹੀ ਲੈ ਰਹੇ ਹੁੰਦੇ ਹਨ ਤਾਂ ਉਸ ਵੇਲੇ ਖ਼ੁਦ ਦਾ ਮੁੜ-ਸ੍ਰਿਜਣ।

 

ਪਿੱਥ-ਭੂਮੀ ਦੇ ਹਨੇਰੇ ਵਿੱਚ ਖੜ੍ਹ ਮੈਂ ਬਥੇਰੀ ਇੰਤਜ਼ਾਰ ਕੀਤੀ ਕੀ ਕੋਈ ਫਰਿਸ਼ਤੇ ਆਉਣਗੇ ਅਤੇ ਆ ਕੇ ਜਾਪਾਨ ਦੇ ਇਸ ਲਘੂ ਕਾਵਿ ਨੂੰ ਚਿੱਕੜ ਦੀ ਉਸ ਦਲਦਲ ‘ਚੋਂ ਕੱਢਣਗੇ ਜਿਸ ਵਿੱਚ ਇਸਨੂੰ ਧਸੋ ਦਿੱਤਾ ਗਿਆ ਹੈ, ਭੁੱਲਣ ਦੀ ਬਿਮਾਰੀ ਦਾ ਮਾਰਿਆ ਇੱਕ ਬੁੱਢਾ, ਦਿਸ਼ਾਹੀਣ ਜੋ ਗੋਲ ਚੱਕਰਾਂ ਵਿੱਚ ਹੀ ਘੁੰਮੀ ਜਾ ਰਿਹੈ, ਬੀਤੇ ਦੇ ਸ਼ਾਨਾਮੱਤੇ ਸਰੂਪ ਦਾ ਇੱਕ ਕਾਰਟੂਨ, ਇੱਕ ਅਜਿਹੇ ਬਿਰਖ ਦੇ ਹੇਠਾਂ ਵੜਿਆ ਜਿਸਤੇ ਕਈ ਸਾਉਣ ਲੰਘੇ ਪਰ ਭਾਰ ਨਾ ਆਈ, ਓਪੇਰਾ ਵਾਲੀ ਯਤੀਮ ਐਨੀ ਵਰਗੀਆਂ ਅੱਖਾਂ ਵਾਲਾ, ਤੇ ਨਿਓਨ ਬਲਬਾਂ ਦੀ ਚੁੰਧਿਆਹਟ ਜਗ ਰਹੀ ਬੁਝ ਰਹੀ, ਜਗ ਰਹੀ ਬੁਝ ਰਹੀ, ਜਗ ਰਹੀ ਬੁਝ ਰਹੀ, ਅਤੇ ਤੇਰਾ ਚਿੱਤ ਪਿਆਰੇ ਬਾਸ਼ੋ ਸ਼੍ਰੀਮਾਨ ਆਪੂੰ-ਮਹਾਨ-ਬਣੀ ਸੋਸਾਇਟੀ ਆਵ ਅਮੇਰਿਕਾ ਦੀ ਚਕੂੰਢੀ ਲਾ ਕੇ ਸੁੱਕਣੇ ਪਾਇਆ ਹੋਇਆ ਲੀੜੇ ਸੁਕਾਉਣ ਵਾਲੀ ਤਾਰ ‘ਤੇ ਜਿਸ ਉੱਪਰ ਲੇਬਲ ਵੀ ਪੋਤਿਆ ਹੋਇਆ ਹੈ “ਮੇਡ ਇਨ ਜਾਪਾਨ” ਦਾ। 

 

ਅਜਬ-ਨਗਰੀ ਦੇ ਇਸ ਮੋਜ-ਮੇਲੇ ਵਾਲੇ ਪਿੜ੍ਹ ਵਿੱਚ ਮੈਂ ਵੀ ਇੱਕ ਚੰਡੋਲ ‘ਤੇ ਸੀਟ ਮੱਲ੍ਹਣ ਲਈ ਅਹੁਲਦਾ ਹਾਂ, ਓਹ ! ਤੁਹਾਡਾ ਭਲਾ ਹੋ ਜੇ, ਆਹ ਕੀ ਨੌਬਤ, ਮੇਰੇ ਅੰਦਰ ਵੀ ਦੌਨ ਕਿਓਹੋਤੇ ਬੈਠਾ ਹੈ, ਮੇਰੀ ਵੱਖੀ ਵਿਚ ਕੂਹਣੀਆਂ ਮਾਰ-ਮਾਰ ਕੇ ਕਹਿ ਰਿਹਾ ਹੈ ਕਿ ਹੋ ਜਾ ਦੋ-ਚਾਰ ਪਵਨ-ਚੱਕੀ ਨਾਲ, ਕਿ ਰਾਮ ਤਾਂ ਭਲੀ ਹੀ ਕਰਨਗੇ ਤੂੰ ਸੂਲੀ ਚੜ੍ਹ ਸਹੀ, ਜੇ ਲੋੜ ਮਹਿਸੂਸਦਾ ਹੈਂ, ਅੱਗ ਲੱਗੀ ਹੈ ਮਸ਼ਕਾਂ ਦਾ ਭਾਅ ਪੁੱਛਦੈਂ, ਦਰਪਣਾਂ ਨੂੰ ਝਕਾਨੀ ਦੇ, ਵਿਧਰਮੀ ਜਾਂਚ ਸੰਘ ਦੇ ਸਿਪਾਹੀ ਮੇਰੇ ਵੱਲ ਨਿਸ਼ਾਨਾਂ ਕਸਦੇ ਹਨ, ਨਿਰਸੰਦੇਹ ਮੈਂ ਡਗਮਗਾਵਾਂਗਾ, ਥਿੜਕਾਂਗਾ, ਜਾਂ ਫਿਰ ਅੰਗੀਕਾਰ ਕਰਾਂਗਾ ਉਸ ਪਰਮ-ਆਨੰਦ ਨੂੰ ਜੋ ਉਸ ਖ਼ਾਲੀ ਸੀਟ ‘ਤੇ ਸ਼ੁਸ਼ੋਭਿਤ ਹੈ ਜਿਸਨੂੰ ਨਾਇਕ ਸੰਬੋਧਿਤ ਹੋਇਆ ਸੀ ਪਿਛਲੇ ਸਾਲ ਜਦੋਂ ਸਮੂਹ ਸਰੋਤਾ ਜਨ ਦੀ ਮੌਤ ਹੋਈ ਸੀ, ਅੱਧੀ ਰਾਤ ਤੋਂ ਠੀਕ ਇੱਕ ਮਿੰਟ ਬਾਅਦ, ਉਸਦੀ ਤਕਰੀਰ ਦੇ ਆਖ਼ਰੀ ਸ਼ਬਦ ਦਾ ਆਖ਼ਰੀ ਹਿੱਜਾ ਸਿੰਡਰੈਲਾ ਨੇਂ ਮੌਜੇ ਵਾਂਗ ਮਰੋੜ੍ਹ ਕੇ ਜੁੱਤੀ ਵਿੱਚ ਰੱਖ ਕੇ ਉਸ ਕੁਰਸੀ ਦੇ ਨਾਲ ਵਾਲੀ ਕੁਰਸੀ ‘ਤੇ ਰੱਖ ਦਿਤਾ ਸੀ ਜਿਸ ਉੱਪਰ ‘ਰਾਜਕੁਮਾਰ’ ਦਾ ਈਧਨ ਨਾਲ ਨੱਕੋ-ਨੱਕ ਭਰਿਆ ਪ੍ਰਛਾਵਾਂ ਬੈਠਾ ਸੀ . . . ਓਏ ਵਜੰਤਰੀਆ ਛੱਡ ਖਾਂ ਢੋਲਕ ਦੀ ਗਲ੍ਹ ‘ਤੇ ਤੋੜਾ, ਹੋ ਜੇ ਇਕੇਰਾਂ ਡ੍ਰਮ-ਰੋਲ ਫਿਰ …..

 

ਹਾਇਕੂ ਕੋਈ ਵਿਧਾ ਨਹੀਂ ਹੈ ਆਹ ਚੁੱਕੋ, ਆਖ ਦਿੱਤਾ ਮੈਂ। ਆਪਣੇ ਕਹੇ ਸ਼ਬਦ ਵਾਪਿਸ ਲੈ ਸਕਾਂ ਇਸ ਲਈ ਬਹੁਤ ਦੇਰ ਹੋ ਚੁੱਕੀ ਹੈ ਉਹ ਮੌਕਾ ਖੁੰਝ ਚੁੱਕਾ ਹੈ: ਹਾਇਕੂ ਕੋਈ ਵਿਧਾ ਨਹੀਂ ਹੈ, ਹੋੱਕੁ ਦਾ ਪੁਨਰ-ਸਰੰਚਨ ਕਹੋ ਜਾਂ ਪੁਨਰ-ਰੂਪਾਂਤਰਣ, ਪਰ ਕੁਝ ਅਜਿਹਾ ਜੋ ਪ੍ਰੀਭਾਸ਼ਿਤ ਨਹੀਂ ਕੀਤਾ ਜਾ ਸਕਦਾ / ਨਹੀਂ ਹੋ ਸਕਿਆ।

 

ਮੇਰੀਅਮ ਵੈਬਸਟਰ ਸ਼ਬਦਕੋਸ਼ ‘ਵਿਧਾ’ ਨੂੰ ਇਹ ਪ੍ਰੀਭਾਸ਼ਿਤ ਕਰਦਾ ਹੈ, “ਕਲਾ, ਸੰਗੀਤ ਜਾਂ ਸਾਹਿਤ ਦੀ ਵੰਨਗੀ ਜਿਸਦੇ ਲੱਛਣ ਆਪਣੀ ਸ਼ੈਲੀ, ਰੂਪ, ਜਾਂ ਵਸਤੂ ਕਾਰਣ ਨਿਆਰੇ ਹੁੰਦੇ ਹਨ।”

 

ਇੱਕ ਵਿਧਾ ਅਖਵਾਉਣ ਲਈ ਹਾਇਕੂ ਦੀ ਵਿਆਖਿਆ ਹੋ ਸਕੇ, ਇਹ ਇੱਕ ਸ਼ਰਤ ਵਾਂਗ ਆਇਦ ਹੈ। ਜਾਪਾਨ ਵਿੱਚ ਅਤੇ ਜਾਪਾਨ ਤੋਂ ਬਾਹਰ, ਹਾਇਕੂ ਦੀ ਕੋਈ ਐਸੀ ਪਰਿਭਾਸ਼ਾ ਨਹੀਂ ਮਿਲਦੀ ਜਿਸ ਉੱਪਰ ਸਰਬ-ਸੰਮਤੀ ਜਾਂ ਬਹੁ-ਸੰਮਤੀ ਹੀ ਹੋਵੇ। ਇਸ ਮਾਮਲੇ ਵਿੱਚ ਕੋਈ ਪੂਰਬ ਤੇ ਪੱਛਮ ਵੀ ਨਹੀਂ ਹੈ। ਜਾਪਾਨੀ ਅਤੇ ਪੱਛਮੀ ਹਾਇਕੂ ਇੱਕ ਹੀ ਵਸਤੂ ਹਨ, ਸਮਰੂਪ ਹਨ, ਇੱਕ ਹੀ ਮਾਲਾ ਦੇ ਮੋਤੀ ਹਨ, ਇੱਕ ਹੀ ਥੈਲੀ ਦੇ ਚੱਟੇ ਅਤੇ ਵੱਟੇ ਹਨ, ਇੱਕੋ ਲੜ੍ਹੀ ਦੀਆਂ ਕੜੀਆਂ ਹਨ, ਇਹ ਕੜੀਆਂ ਬਣਾਉਣ ਲਈ ਵਰਤਿਆ ਗਿਆ ਸੀਦ੍ਹਾ ਦੋਵਾਂ ਵਿੱਚ ਇੱਕੋ ਹੈ ਭਾਵ ਨਿੱਕ ਇਸਦਾ ਅਤੇ ਸੁੱਕ ਉਸਦਾ, ਸਗੋਂ ਸੁੱਕ ਘੱਟ ਤੇ ਨਿੱਕ ਬਹੁਤਾ, ਪਰਤਾਵੇ ਉਤੇ ਹੱਸਦਾ ਪ੍ਰਛਾਵਾਂ।

 

ਇੱਕ ਝਾਤੀ ਤਾਂ ਮਾਰੋ ਹਾਇਕੂ ਦੀਆਂ ਉਹਨਾਂ ਪ੍ਰੀਭਾਸ਼ਾਵਾਂ ਉੱਤੇ ਜੋ ਕਿਸੇ ਮਾਡਲ ਕੁੜੀ ਵਾਂਗ ਆਪਣੇ ਪਾਸੇ ਮੱਟਕਾਉਂਦੇ ਹੋਏ ਕਾਨਫਰੰਸ ਹਾਲਾਂ, ਕੁਈਨ ਮੇਰੀ ਦੇ ਵਿਤੋਂ-ਬਾਹਰੇ ਡੈੱਕਾਂ, ਵਿਸ਼ਵਵਿਦਿਆਲਆਂ ਦੇ ਗਲਿਆਰਿਆਂ, ਬੁਧੀਜੀਵੀਆਂ ਦੇ ਕਾਹਵਾ-ਘਰਾਂ, ਉੱਤਰੀ ਅਮਰੀਕਾ ਦੇ ਪਬਲਿਕ ਸਕੂਲਾਂ, ਸ਼ਬਦਕੋਸ਼ਾਂ, ਔਨ-ਲਾਈਨ ਰਸਾਲਿਆਂ, ਛੱਪੇ ਹੋਏ ਸੰਗ੍ਰਿਹਾਂ ਅਤੇ ਉਹਨਾਂ ਕਿਤਾਬਾਂ ਵਿੱਚ ਮਿਲਦੇ ਹਨ ਜੋ ਉਹ ਸਭ ਪੇਸ਼ ਕਰਨ ਦਾ ਦਾਵਾ ਕਰਦੀਆਂ ਹਨ ਜਿਹੜਾ ਕਿ ਹਾਇਕੂ ਉੱਪਰ ਉਸਤੋਂ ਪਹਿਲਾਂ ਪ੍ਰਕਾਸ਼ਿਤ ਹੋਈਆਂ ਕਿਤਾਬਾ ਪੇਸ਼ ਕਰਨ ਦੇ ਅਸਮਰੱਥ ਰਹੀਆਂ। ਜੀ ਹਾਂ, ਤੁਸੀਂ ਆਪ ਦੇਖ-ਪਰਖ਼ ਕੇ ਤਸੱਲੀ ਕਰੋ। ਆਪਣੇ ਜੀਵਨ ਕਾਲ ਦੌਰਾਨ ਮਾਤਸੁਓ ਬਾਸ਼ੋ ਨੇ ਜਾਪਾਨ ਦਾ ਜਿਸ ਵਸਤ ਨਾਲ ਤੁਆਰਫ਼ ਕਰਵਾਇਆ ਸੀ ਉਹ ਅਤੇ ਇਹ, ਜੋ ਤੁਸੀਂ ” ਉੱਪਰ ” ਤੋਂ ਆਉਂਦਾ ਦੇਖਦੇ, ਸੁਣਦੇ ਅਤੇ ਪੜ੍ਹਦੇ ਹੋ, ਏਕ ਹੀ ਨ੍ਯੀਆ ਕੇ ਖਵੱਈਆ ਨਹੀਂ ਹਨ।

 

ਟਾਕਰਾ ਕਰੋ ਉਦੋਂ ਅਤੇ ਹੁਣ ਦਾ

 

ਗਹਿਰਾਉਂਦਾ ਸਾਗਰ . . .

ਜੰਗਲੀ ਮੁਰਗਾਬੀ ਦੀ ਕੂਕ

ਮੱਧਮ ਜਿਹੀ ਸਫ਼ੈਦ

– ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

 

ਇਹ ਹੋੱਕੁ ਕਿਸੇ ਮੁਰਗਾਬੀ ( ਵਸਤੂ ) ਉੱਪਰ ਕੇਂਦਰਿਤ ਨਹੀਂ ਹੈ।  ਇਹ ਕਵਿਤਾ ਆਪਣੀ ਸੁਹਜ-ਸ਼ੈਲੀ, ਯੁਗੇਨ ( yugen = ਗਹਿਰਾਈ ਅਤੇ ਰਹੱਸ ), ਅਤੇ ਟਾਕਰੇ ਕਾਰਨ ਬਹੁ-ਪਰਤੀ ਅਰਥਾਂ ਦਾ ਸੰਚਾਰ ਕਰਦੀ ਹੈ। ਕੁਦਰਤ ਇੱਕ ਕਦੇ ਨਾਂਹ ਖ਼ਤਮ ਹੋਣ ਵਾਲੀ ਫ਼ਿਲਮ ਹੈ, ਪ੍ਰਗਟਾਵਾਂ ਦਾ ਇੱਕ ਅਮੁੱਕ ਵਹਿਣ। ਬਾਸ਼ੋ ਨੂੰ ਮੁਰਗਾਬੀ ਦਿਖਾਈ ਨਹੀਂ, ਸਿਰਫ਼ ਸੁਣਾਈ ਹੀ ਦੇ ਸਕਦੀ ਸੀ। ਮੱਧਮ ਜਿਹੀ ਸਫ਼ੈਦ, ਇੱਕ ਜੰਗਲੀ ਮੁਰਗਾਬੀ ਦੀ ਆਵਾਜ਼ ? ਆਵਾਜ਼ਾਂ ਤਾਂ ਰੰਗਹੀਣ ਹੁੰਦੀਆਂ ਹਨ। ਸੂਰਜ-ਛਪਾਉ ਮਗਰੋਂ ਦਾ ਸਮੁੰਦਰ, ਨਿਰਸੰਦੇਹ, ਭੂਤੀਆ ਜਿਹਾ, ਪੜ-ਯਥਾਰਥਿਕ, ਤੇ ਇਥੋਂ ਤੱਕ ਕਿ ਰਹੱਸ ਨਾਲ ਭਰਿਆ ਲੱਗਦਾ ਹੈ ਖ਼ਾਸ ਕਰ ਜੇ ਮੌਸਮ ਸਰਦ ਜਾਂ/ਅਤੇ ਤੂਫ਼ਾਨੀ ਹੋਵੇ।  ਇਵਾਤਾ ਕੂਰੋ ਬਾਸ਼ੋ ਉੱਪਰ ਲਿਖੀ ਆਪਣੀ ਕਿਤਾਬ “ਸ਼ੋਚੂ ਹਯੋਸ਼ਾਕੂ ਬਾਸ਼ੋ ਹਾਇਕੂ ਤਾਇਸੇਈ” ( ਬਾਸ਼ੋ ਦੀਆਂ ਹਾਇਕੂ ਵਿਧੀਆਂ ਦੇ ਵੱਖਰੇ-ਵੱਖਰੇ ਧਰਾਤਲ ) ਵਿੱਚ ਟਿੱਪਣੀ ਕਰਦਾ ਹੈ : 

 

 “ਧੁੰਦਲਕੇ ਵਾਲੀ ਸਫੈਦੀ ਅੱਖ ਨਾਲ ਵੇਖੀ ਗਈ ਅਤੇ ਆਵਾਜ਼ ਕੰਨ ਨਾਲ ਸੁਣੀ ਗਈ, ਪਰ ਉਸ ( ਬਾਸ਼ੋ ) ਨੂੰ ਜਾਪਿਆ ਜਿਵੇਂ ਉਸਨੇ ਉਹੋ ਵੇਖ ਵੀ ਲਿਆ ਜੋ ਉਸਦੇ ਕੰਨਾਂ ਨੇਂ ਸੁਣਿਆ, ਅਤੇ ਇਸ ਨਾਜ਼ੁਕ ਅਹਿਸਾਸ ਨੂੰ ਉਸਨੇ ਆਪਣੀ ਕਵਿਤਾ ਵਿੱਚ ਢਾਲ ਦਿੱਤਾ।”
(ਜਾਪਾਨੀ ਤੋਂ ਅੰਗ੍ਰੇਜ਼ੀ ਅਨੁਵਾਦ ਮਾਕੋਤੋ ਉਏਡਾ )

 

ਜਗਤ  ਦਾ ਆਖਿਰ

ਮੈਂ ਫੂਕ ਮਾਰ ਖਿੰਡਾਇਆ

ਕੁੱਕਰੋਂਧੇ ਦਾ ਫੁੱਲ

ਗੈਰੀ ਗੇ, ਸੈਂਟਾ ਰੋਜ਼ਾ, ਕੈਲੀਫੋਰਨੀਆ

2013 ਵਿੱਚ ਹੋਏ ਹੈਰੋਂ ਨੈਸਟ ( The Heron’s Nest ) ਪਹਿਲੇ ਸਲਾਨਾ ਪੈੱਗੀ ਵਿੱਲਿਸ ਲਾਇਲਸ ਹਾਇਕੂ ਪ੍ਰਤੀਯੋਗਤਾ ਵਿੱਚ ਪ੍ਰਥਮ ਇਨਾਮ ਜੇਤੂ

ਗੇ ਦੀ ਇਸ ਕਵਿਤਾ ਵਿੱਚ ਵਿਆਖਿਆ ਕਰਨ ਲਈ ਕੁਝ ਬਾਕੀ ਛੱਡਿਆ ਹੀ ਨਹੀਂ ਗਿਆ। ਕੁੱਕਰੋਂਧੇ ਦੇ ਫੁੱਲ ਦੀਆਂ ਪੰਖੜੀਆਂ ਨੂੰ ਫੂਕ ਮਾਰ ਕੇ ਉਡਾਉਂਦਿਆਂ ਕਵੀ ਨੂੰ ਝਟ ਦੇ ਖਾਤਮੇ ਦਾ ਖ਼ਿਆਲ ਆਉਂਦਾ ਹੈ, ਇੱਕ ਅੰਤਰ-ਮੁਖੀ ਵਿਚਾਰ।

 

ਕੋਇਲ ਦਾ ਗੀਤ . . .

ਵਿਸ਼ਾਲ ਬਾਂਸਾਂ ਦੇ ਜੰਗਲ ਵਿਚੀਂ

ਝਰ ਰਹੀ ਚੰਨ-ਚਾਨਣੀ

– ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

 

ਬਾਸ਼ੋ ਦੀ ਕਵਿਤਾ ਇੱਕ ਕ੍ਰਿਆ-ਮੁਖੀ-ਝੁਕਾਉ ਵਾਲਾ ਹੋੱਕੁ ਹੈ। ਬਾਂਸਾਂ ਦਾ ਜੰਗਲ, ਕੋਇਲ ਜਾਂ ਚੰਨ ਦੀ ਰੋਸ਼ਨੀ ਵਿੱਚੋ ਕੁਝ ਵੀ ਇਸ ਕਵਿਤਾ ਦੇ ਕੇਂਦਰ-ਬਿੰਦੂ ਉੱਪਰ ਨਹੀਂ ਹੈ। ਇਹ ਕਵਿਤਾ ਹੈ ਕੇਂਦ੍ਰਿਤ ਕਹੇ ਅਤੇ ਅਣਕਹੇ ਦੀ ਸ੍ਰਿਜਣਾਤਮਿਕ ਪੈਦਾਇਸ਼ ਉੱਪਰ, ਜੋ ਕਿਹਾ ਹੈ ਅਤੇ ਜਿਸ ਤਰਫ਼ ਸਿਰਫ ਇਸ਼ਾਰਾ ਮਾਤ੍ਰ ਹੀ ਕੀਤਾ ਹੈ।  ਕੋਇਲ ਦੇ ਗੀਤ ਨੂੰ ਇੱਕ ਵਿਸ਼ਾਲ ਬਾਂਸਾਂ ਦੇ ਜੰਗਲ ਵਿਚੀਂ ਚਾਨਣੀ ਝਰਨ ਨਾਲ ਸਮਦੇਸ਼ੀ-ਨਿਕਟਤਾ ( juxtaposition ) ਬਖਸ਼ੀ ਹੈ। ਵਿਆਖਿਆ ਅਤੇ ਅਨੁਵਾਦ ਦੇ ਪਾਰ ਇਸ ਗੀਤ ਨੂੰ ਇਸੇ ਦੁਆਰਾ ਮਹਿਸੂਸ ਕੀਤਾ ਗਿਆ ਹੈ। ਇਸਦੀ ਇੱਕ ਖਾਮੋਸ਼ ਗੂੰਜ ਹੈ, ਅਤੇ ਇਹ ਚੰਨ ਦੇ ਚਾਨਣ ਨਾਲ ਧੀਮੇ-ਧੀਮੇ ਝਰ ਰਿਹਾ ਹੈ, ਜਿਸਨੂੰ ਇਸ ਸੰਘਣੇ ਜੰਗਲ ਦੇ ਬਾਂਸਾਂ ਦੇ ਪਰਛਾਵੇਂ ਅਤੇ ਉਹਨਾਂ ਵਿਚਕਾਰਲਾ ਰਿਕਤ-ਸਥਾਨ ਆਕਾਰ ਪ੍ਰਦਾਨ ਕਰ ਰਹੇ ਹਨ। ਚੁੱਪ ਦੇ ਅਹਿਸਾਸ ਦਾ ਰਾਜ ਹੈ। ਕੁਦਰਤ ਦਾ ਕੋਈ ਵੀ ਅੰਸ਼, ਕੋਈ ਵੀ ਅੰਗ, ਗਤੀਹੀਣ ਨਹੀਂ, ਕਿਸੇ ਵੀ ਸ਼ੈਅ ਬਾਰੇ ਕੋਈ ਪੂਰਵ-ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕੋਈ ਕਿਆਸ-ਅਰਾਈ ਨਹੀਂ ਕੀਤੀ ਜਾ ਸਕਦੀ। ਸਭ ਚਲ ਵੀ ਰਿਹਾ ਹੈ ਅਤੇ ਚਲਾਏਮਾਨ ਵੀ ਹੈ। ਬਾਸ਼ੋ ਕੁਦਰਤ ਦੀ ਇਸ ਬ੍ਰਹਮੀ ਤਾਕ਼ਤ, ਜ਼ੌਕਾ, ਦਾ ਦ੍ਰਸ਼ਟਾ ਸੀ, ਅਪਲਕ ਨਿਹਾਰਨ ਵਾਲਾ। ਇਹੋ ਉਸਦਾ ਉਸਤਾਦ ਸੀ। ਅਜਿਹਾ ਬਹੁਤ ਕੁਝ ਹੈ ਜੋ ਇਸ ਚੇਤਨਾ ਅਤੇ ਚੇਤੰਨਤਾ ਤੋਂ ਇੱਕ ਕਵੀ ਸਿਖ ਸਕਦਾ ਹੈ ਅਤੇ ਪ੍ਰਗਟਾ ਸਕਦਾ ਹੈ। ਜ਼ੌਕਾ ( ਜ਼ੂਅਕਾ ) ਹੀ ਉਹ ਧਾਗਾ ਹੈ ਜੋ ਸਾਡਾ ਹੋੱਕੁ ਉਣਦਾ ਹੈ। ਅਜੋਕੇ ਸਮੇਂ ਦੇ ਜਗਤ ਵਿੱਚ ਮਨੁੱਖਾ ਗਤੀਵਿਧੀਆਂ ਅਤੇ ਹਉਮੇ-ਮੁਖੀ ਸਮਝ ‘ਤੇ ਆਧਾਰਿਤ ਬਹੁਤ ਕੁਝ ਉਣਿਆ-ਬੁਣਿਆ ਜਾ ਰਿਹਾ ਹੈ। ਅਸੀਂ ਕੁਦਰਤ ਤੋਂ ਉੱਪਰ ਨਹੀਂ ਹਾਂ। ਅਸੀਂ ਕੁਦਰਤ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ।

 

ਕੇਨਕਿਚੀ ਯਾਮਾਮੋਤੋ ਆਪਣੀ ਕਿਤਾਬ “ਬਾਸ਼ੋ : ਉਸਦੀ ਰਚਨਾ ਦੀ ਸਰਾਹਨਾ ਅਤੇ ਸਮਾਲੋਚਨਾ” ਵਿੱਚ ਟਿੱਪਣੀ ਕਰਦਾ ਹੈ:

 

“ਚੰਨ ਦੀਆਂ ਰਿਸ਼ਮਾ ਦਾ ਝਿੜੀ ਥਾਣੀਂ ਛਣ ਕੇ ਆਉਣਾ ਅਤੇ ਦੂਰ ਦੁਮੇਲ ਵੱਲ ਉਡਾਰੀ-ਗਤ ਕੋਇਲ ਦੀ ਆਵਾਜ਼ ਦਾ ਸੁਮੇਲ ਇੱਕ ਅਜਿਹਾ ਸੰਸਾਰ ਸਿਰਜਦਾ ਹੈ ਜਿਸਦੀ ਰਹੱਸਾਤਮਿਕਤਾ ਦੀ ਸੰਘਨਤਾ ਖੌਫ਼ਜ਼ਦਾ ਕਰਨ ਦੀ ਹੱਦ ਤੱਕ ਹੈ।”

 

(ਜਾਪਾਨੀ ਤੋਂ ਅੰਗ੍ਰੇਜ਼ੀ ਅਨੁਵਾਦ ਮਾਕੋਤੋ ਉਏਡਾ )

 

ਛੁੱਟੀ ‘ਤੇ ਮੁੜਿਆ

ਦੁਕਾਨ ਦੇ ਨਾਸ਼ਤੇ ਵਾਲੇ ਗਲਿਆਰੇ ਵਿੱਚ ਉਹ

ਛਿਪ-ਛੁਪ ਲੰਘਦਾ, ਚੱਕਵੇਂ ਪੈਰੀਂ

– ਹਾਰਵੇ ਜੇਨਕਿੰਸ

ਪ੍ਰਥਮ ਪੁਰਸਕਾਰ ਦਾ ਸਹਿ-ਵਿਜੇਤਾ, 2013

ਕਲੋਸਟਾਰ ਇਵਾਨਿਕ ਦੀ 10ਵੀਂ ਅੰਗ੍ਰੇਜ਼ੀ ਵਿੱਚ ਹਾਇਕੂ ਸਲਾਨਾ ਪ੍ਰਤੀਯੋਗਤਾ

 

ਜੇਨਕਿੰਸ ਦੀ ਕਵਿਤਾ ਵਿਆਖਿਆ ਲਈ ਕੁਝ ਵੀ ਅਣਕਿਹਾ ਨਹੀਂ ਛੱਡਦੀ।  ਇੱਕ ਨਾਂਵ, ਨਾਵਾਂ ਦੀ ਵਰਤੋ ਕਰਦਾ ਹੋਇਆ ਨਾਵਾਂ ਨਾਲ ਹੀ ਦੋ ਚਾਰ ਹੋ ਰਿਹਾ ਹੈ। ਇਹ ਹਾਇਕੂ ਦੇ ਨਾਮ ਥੱਲੇ ਸੂਚੀਬੱਧ ਹੋਇਆ ਇੱਕ ਸੇਨ੍ਰ੍ਯੂ ਹੈ। ਇਹ ਵਸਤ(ਨਾਂਵ)-ਮੁਖੀ-ਉਲਾਰ ਵਾਲੀ ਕਵਿਤਾ  ਹੈ, ਅਤੇ, ਜਿਵੇਂ ਲਿਖੀ ਹੈ, ਇਸਦਾ ਕੁਦਰਤ ਦੀ ਉਸ ਸ੍ਰਿਜਨਾਤਮਿਕ ਸ਼ਕਤੀ, ਜ਼ੌਕਾ, ਨਾਲ ਕੋਈ ਤੁਅੱਲਕ ਨਹੀਂ ਜਿਸਨੂੰ ਮਾਤਸੁਓ ਬਾਸ਼ੋ ਨੇ  ਹੋੱਕੁ ਦਾ ਆਧਾਰਭੂਤ ਤੱਤ ਕਿਹਾ ਸੀ। ਇਹ ਇੱਕ ਵਾਕ-ਮਾਤ੍ਰ ਹੈ, ਕੋਈ ਕਵਿਤਾ ਨਹੀਂ। ਛੁੱਟੀ ‘ਤੇ ਮੁੜਿਆ ਇੱਕ ਫ਼ੌਜੀ ਨਾਸ਼ਤੇ ਵਾਲੇ ਸੀਰੀਅਲ ਦੇ ਡੱਬਿਆਂ ਨੂੰ ਇੱਕ ਵਾਰ ਫਿਰ ਤੋਂ ਦੇਖਣ  ਦੀ ਉਤਸੁੱਕਤਾ ਨਾਲ ਭਰਿਆ ਹੋਇਆ ਹੈ। ਇਸ ਵਾਕ ਦੀ ਕਵਿਤਾ ਵਜੋਂ ਸਾਖ ਬਣਾਉਣ ਨਾਲ ਹੋਰਾਂ ਨੂੰ ਵੀ ਉਤਸ਼ਾਹ ਮਿਲਦਾ ਹੈ ਕਿ ਉਹ ਵਾਕ ਰਚਨ ਅਤੇ ਇਸਨੂੰ ਹਾਇਕੂ ਸੱਦਣ ਅਤੇ ਸਦਵਾਉਣ। 

 

ਸਿਆਲੂ ਧੁੱਪ —

ਘੋੜੇ ਉਤੇ ਮੁਜੰਮਦ, 

ਮੇਰਾ ਪ੍ਰਛਾਵਾਂ

 

– ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

 

ਘੋੜੇ ‘ਤੇ ਸਵਾਰ ਕਿਸੇ ਵਿਅਕਤੀ ਦਾ ਪ੍ਰਛਾਵਾਂ ਜੰਮ ਸਕਦਾ ਹੈ ? ਬਾਸ਼ੋ ਅਰਥਾਂ ਦੀਆਂ ਹੋਰ ਪਰਤਾਂ ਜੋੜਨ ਲਈ ਸੁਹਜ ਦੀ ਪਟਾਰੀ ਦਾ ਇੱਕ ਸੰਦ, ਯੁਗੇਨ ( ਯੁਗੇਂ = yugen ), ਵਰਤੋ ਵਿੱਚ ਲਿਆ ਰਿਹਾ ਹੈ। ਇਹ ਇੱਕ ਅਤਿ ਸਰਦ ਦਿਨ ਹੈ, ਜਿਸ ਵਿੱਚ ਸਿਆਲ ਦੇ ਸੂਰਜ ਦੀ ਧੁੱਪ ਦਾ ਕੋਈ ਨਿੱਘ ਨਹੀਂ ਮਹਿਸੂਸ ਹੁੰਦਾ। ਸਿਆਲੂ-ਧੁੱਪ ਅਤੇ ਘੋੜੇ ਉੱਤੇ ਜੰਮਿਆ ਹੋਇਆ ਇੱਕ ਪ੍ਰਛਾਵਾਂ-ਮਾਤ੍ਰ ਸਵਾਰ ਵਿੱਚ ਸਮਦੇਸ਼ੀ-ਕ਼ੁਰਬਤ (juxtaposition) ਅਣਕਹੇ ਨੂੰ ਜ਼ੁਬਾਨ ਬਖਸ਼ਦੀ ਹੈ; ਸਰਦੀਆਂ ਦਾ ਕਿਸੇ ਦੇ ਚੁਗਿਰਦੇ ਉੱਪਰ ਜੋ ਅਸਰ ਹੁੰਦਾ ਹੈ ਉਸਦੇ ਅਨਵੇਸ਼ਨ, ਉਸਦੀ ਖ਼ੋਜ ਲਈ ਪ੍ਰਤੋਸਾਹਿਤ ਕਰਦੀ ਹੈ। ਮੌਸਮ ਅਪੂਰਵ-ਅਨੁਮਾਨਿਯ ਹੈ, ਜੋ ਬਿਨਾ ਕਿਸੇ ਬਣੀ-ਬਣਾਈ ਲੀਹ, ਬਿਨਾਂ ਕਿਸੇ ਪੈਟਰਨ ਦੇ ਪ੍ਰਤਿਪਲ ਸਿਰਜ ਰਿਹਾ ਹੈ, ਚਿਤ੍ਰਿਤ ਕਰ ਰਿਹਾ ਹੈ, ਇਸ ਚਿਤ੍ਰ ਵਿੱਚ ਰੰਗ ਭਰ ਰਿਹਾ ਹੈ। ਪ੍ਰਛਾਵਾਂ ਜੰਮਿਆ ਹੋਇਆ ਹੈ, ਕਿ ਨਹੀਂ ਜੰਮਿਆ ਹੋਇਆ ? ਕੁਝ ਵੀ ਥਿਰ ਜਾਂ ਸਥਿੱਲ ਨਹੀਂ, ਸਭ ਬਦਲ ਰਿਹਾ ਹੈ, ਪਰ ਨੰਗੀ ਅੱਖ ਦੀ ਸੀਮਾ ਦ੍ਰਿਸ਼ਟੀ ਦਾ ਘੇਰਾ ਅਤੇ ਅੰਤਰਮੁਖੀ ਵਿਆਖਿਆ ਤੱਕ ਹੀ ਹੈ। ਬਾਸ਼ੋ ਦੇ ਹਾਇਕੂ ਦਾ ਝੁਕਾਵ ਕ੍ਰਿਆ-ਮੁੱਖਤਾ ਹੈ ਜੋ ਕੀ ਕੋਤੋ (Koto = ਥੀਵਣ ਦੀ ਕ੍ਰਿਆ ) ‘ਤੇ ਕੇਂਦ੍ਰਿਤ ਹੈ। ਜੋ ਪ੍ਰਤੀਤ ਹੁੰਦਾ ਹੈ ਅਤੇ ਜੋ ਦਰਅਸਲ ਹੈ ਦੇ ਟਕਰਾਉ ਤੋਂ ਜੋ ਸਹਿਜੀਵਕਤਾ ਪੈਦਾ ਹੁੰਦੀ ਹੈ ਉਹ ਮਹਿਜ਼ ਇੱਕ ਸ਼ਬਦ-ਚਿਤ੍ਰ ਤੋ ਕਿਤੇ ਵਧੀਕ ਹੈ। “ਮੁਜੰਮਦ” ਅਤੇ “ਸਿਆਲੂ-ਸੂਰਜ” ਦੀ ਸਮਦੇਸ਼ੀ-ਨਿਕਟਤਾ ਅਰਥਾਂ ਦੀਆਂ ਵਾਫਰ ਪਰਤਾਂ ਪੈਦਾ ਕਰਦੀ ਹੈ।

 

ਚੁੱਪ-ਚਾਪ ਛਿਪਾ ਰਹੀ

ਉਮਰ ਭਰ ਦੀਆਂ ਯਾਦਾਂ

ਝੁਰੜਾਏ ਚਿਹਰੇ ਵਿੱਚ

– ਰਾਜ ਕ. ਬੋਸ; ਹਵਾਈ, ਅਮਰੀਕਾ

5ਵੇਂ ਯਾਮਾਡੇਰਾ ਬਾਸ਼ੋ ਯਾਦਗਾਰੀ ਮਿਊਜ਼ੀਅਮ ਅੰਗ੍ਰੇਜ਼ੀ ਹਾਇਕੂ ਪ੍ਰਤੀਯੋਗਤਾ, 2013 ਦੇ ਜਾਪਾਨੋਂ-ਬਾਹਰੀ ਸ਼੍ਰੇਣੀ ਦਾ ਗਰੈਂਡ ਇਨਾਮ ਜੇਤੂ

 

ਇੱਕ ਔਰਤ ਆਪਣੇ ਚਿਹਰੇ ਦੀਆਂ ਝੁਰੜੀਆਂ ਵਿੱਚ ਉਮਰ ਭਰ ਦੀਆਂ ਯਾਦਾਂ ਚੁੱਪ-ਚਾਪ ਛੁਪੀਆਂ ਹੋਈਆਂ ਹਨ।  ਇਹ ਇੱਕ ਮੋਨੋ ( Mono = ਅੰਤਰਮੁਖੀ ), ਮਨੁੱਖਾ ਜੀਵਨ ‘ਤੇ ਕੇਂਦ੍ਰਿਤ ਹਾਇਕੂ ਹੈ ਜਿਸਦਾ ਕੁਦਰਤ ਜਾਂ/ਅਤੇ ਉਸਦੇ ਰੁੱਤਾਂ-ਮੌਸਮਾਂ ਨਾਲ ਕੋਈ ਵੀ ਸਹਿ-ਸੰਬੰਧਿਤ ਜਾਂ ਵਿਖਾਵੇ ਮਾਤ੍ਰ ਦਾ ਵੀ ਸੰਬੰਧ ਨਹੀਂ ਹੈ। ਪਾਠਕ ਲਈ ਇਸਦੀ ਵਿਆਖਿਆ ਕਰਨ ਜੋਗਾ ਕੁਝ ਵੀ ਨਹੀਂ ਹੈ।  ਇਹ ਇੱਕ ਸੇਨ੍ਰ੍ਯੁ ਹੈ ਜੋ ਇੱਕ ਔਰਤ ਉੱਪਰ ਵੱਧਦੀ ਉਮਰ ਦੇ ਅਸਰ ਨਤੀਜਿਆਂ ‘ਤੇ ਕੇਂਦ੍ਰਿਤ ਹੁੰਦਾ ਹੈ।

 

ਅੱਜ ਅਤੇ ਉਦੋਂ – ਇਹ ਦੋਵੇਂ ਬੇਹੱਦ ਭਿਨ-ਭਿੰਨ ਰੋਗ ਹਨ।  ਅੱਜ – ਕੀ ਇਹ ਵਿਕਾਸ, ਉਦਭੇਦ ( ਕ੍ਰਮਿਕ ਵਿਕਾਸ = evolution ), ਸਾਹਿਤ ਦੇ ਵਿਸਥਾਰ ਦਾ ਫਲ ਹੈ ਜਾਂ ਫਿਰ ਜਾਪਾਨ ਦੇ ਕਾਵਿਕ ਪ੍ਰਗਟਾਉ ਅਤੇ ਸੁਹਜ-ਸ਼ਾਸਤਰ ਵਿੱਚ ਮਾਰੀਆਂ ਮੱਲਾਂ ਨਾਲੋਂ ਮੁਕੰਮਲ ਤੋੜ ਵਿਛੋੜਾ ਹੈ ? ਬਾਸ਼ੋ ਦੇ ਹੋੱਕੁ ਅਤੇ ਉੱਪਰ ਵਾਲੇ ਹਾਇਕੂ ਦੇ ਧਿਆਨ ਦੇ ਕੇਂਦ੍ਰ-ਬਿੰਦੂ ਅਸਲੋਂ ਅਲੱਗ-ਅਲੱਗ ਹਨ। ਕੀ ਬਾਸ਼ੋ ਦੀਆਂ ਕਵਿਤਾਵਾਂ ਬੀਤੇ ਦੀ ਗੱਲ ਹਨ  ਜੋ ਸਾਡੇ ਅੱਜ ਨਾਲ ਸੁਰ-ਤਾਲ ਨਹੀਂ ਮਿਲਾ ਸਕਦੀਆਂ ਅਤੇ ਆਪਣੀ ਸੰਧਰਵਤਾ ਗੁਆ ਚੁੱਕੀਆਂ ਹਨ ? ਕੀ ਅੱਜ ਆਧੁਨਿਕ ਸੰਸਾਰ ਦੀ ਅਨੁਰੂਪਕਿਤਾ ਹੈ, ਅਤੇ ਉਦੋਂ ਕੁਝ ਇਹੋ ਜਿਹਾ ਜਿਸਨੂੰ ਤਿਆਗਣਾ ਹੀ ਪਵੇਗਾ ? ਸਦੀਆਂ ਪਹਿਲਾਂ ਲਿਖੇ ਬਾਸ਼ੋ ਦਾ ਹਾਇਕੂ ਅਤੇ ਆਧੁਨਿਕ ਹਾਇਕੂ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਹੋਇਆਂ ਮੈਂ ਕੋਈ ਬੇਲੋੜਾ ਕੰਮ ਕਰ ਰਿਹਾ ਹਾਂ ? ਇਹਨਾਂ ਵਿੱਚੋਂ ਕਿਹੜਿਆਂ ਵਿੱਚ ਗਹਿਨਤਾ ਹੈ ? ਕਿਹੜੇ ਚੇਤਿਆਂ ਵਿੱਚ ਸਮੋ ਜਾਣ ਵਾਲੇ, ਯਾਦ ਰਹਿਣ ਯੋਗ ਹਨ ?  ਦੋਵਾਂ ਵਿਚੋਂ ਕਿਹੜੇ ਪਾਠਕ ਨੂੰ ਅੰਤਰਮੁਖੀ ਵਿਆਖਿਆ ਦੀ ਖੁੱਲ ਦਿੰਦੇ ਹਨ ? ਕਿਹੜੇ ਕੁਦਰਤ  ਦੇ ਵਿਗਸਣ ਦੀ ਪ੍ਰਕ੍ਰਿਆ ਨਾਲ ਸਹਿਜੀਵਕ ਤੌਰ ‘ਤੇ ਇੱਕਸੁਰ ਹਨ ? ਕਿਹੜੇ ਅੱਜ ਤੋ ਸੌ ਸਾਲ ਬਾਅਦ ਵੀ ਯਾਦ ਕੀਤੇ ਜਾਣਗੇ, ਅਤੇ ਕਿਉਂ ?  

 

ਇਹ ਸੰਸਾਰ ਹਾਇਕੂ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ? ਇਸ ਬਾਰੇ ਕੋਈ ਸਰਬ-ਪ੍ਰਵਾਨਿਤ ਫੈਸਲਾ ਕਿਉਂ ਨਹੀਂ ਹੈ ? ਕੀ ਹਾਇਕੂ ਹੋੱਕੁ ਦਾ ਹੀ ਰੂਪ-ਪਰਿਵਰਤਨ ਜਾਂ ਸੁਧਾਰ ਹੈ ? ਕੀ ਹਾਇਕੂ ਜਾਪਾਨੀ ਕਵਿਤਾ ਦੀ ਹੀ ਇੱਕ ਆਵਾਜ਼ ਹੈ ? ਕੀ ਹਾਇਕੂ ਇੱਕ, ਦੋ, ਤਿੰਨ ਜਾਂ ਸਗੋਂ ਕਈ ਬਾਰ ਚਾਰ ਲਾਈਨਾਂ ਵਿੱਚ ਲਿਖੇ ਸ਼ਬਦ ਸਮੂਹ ਦਾ ਹੀ ਨਾਮ ਹੈ ? ਕੀ ਇੱਕ-ਸ਼ਬਦਾ-ਹਾਇਕੂ ਨਾਮ ਦੀ ਵੀ ਕੋਈ ਵਸਤੂ ਹੈ ? ਇਵੇਂ ਦੋ-ਸ਼ਬਦਾ-ਹਾਇਕੂ ?

 

ਜਾਂ ਫਿਰ, ਜਿਵੇਂ ਕਿ ਮੈਂ ਇਸ ਨਿਬੰਧ ਵਿੱਚ ਸਿੱਟਾ ਕੱਢਾਂਗਾ, ਹਾਇਕੂ ਇੱਕ ਅਜਿਹੀ “ਸਭ ਚਲਦਾ” ਚੀਜ਼ ਬਣ ਚੁੱਕਾ ਹੈ ਜਿਸਦੇ ਨਾਂ ਤਾਂ ਕੋਈ ਬੱਝਵੇਂ ਅਸੂਲ ਹਨ ਤੇ ਨਾਹ ਹੀ ਕੋਈ ਰੂਪ-ਵਿਧਾਨ, ਮਹਿਜ਼ ਇੱਕ ਜ਼ਹਿਨੀ-ਜ਼ੁਲਕ ਇੱਕ ਦਿਮਾਗੀ ਹੱਥ-ਰਸੀ ਦੀ ਪ੍ਰੀਕਿਰਿਆ। 

 

ਯੂਨਾਈਟਡ ਹਾਇਕੂ ਅਤੇ ਤਾਂਕਾ ਸੋਸਾਇਟੀ ਵਲੋਂ ਹਾਇਕੂ ਦੀ ਪ੍ਰੀਭਾਸ਼ਾ ਇਉਂ ਦਿੱਤੀ ਗਈ ਹੈ:

ਗਾਗਰ ਵਿੱਚ ਸਾਗਰ ਵਰਗੀ ਹਾਇਕੂ ਕਵਿਤਾ ਸੰਖੇਪ ਪਰ ਸਾਰਗ੍ਰਭਿਤ ਤਿੰਨ ਵਾਕਾਂ ਦੇ ਸਮ-ਵਜ਼ਨੀ ਹੁੰਦੀ ਹੈ ( ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਵਜ਼ਨ 1, 2, ਜਾਂ 3 ਸਤਰਾਂ ਵਿੱਚ ਸੰਜੋਇਆ ਜਾਵੇ ), ਪਰ ਜਿਸ ਗੱਲ ਨਾਲ ਫ਼ਰਕ ਪੈਂਦਾ ਹੈ ਉਹ ਇਹ ਸ਼ਰਤਾਂ ਹਨ: ਇਹ ਗਿਆਨ-ਇੰਦ੍ਰਿਆਂ ਦੁਆਰਾ ਗ੍ਰਿਹਣ ਕੀਤੇ ਇੱਕ ਪਲ ਨੂੰ ਫੜਦੀ ਹੈ, ਅਤੇ ਇਸ ਵਿੱਚ ਕੀਗੋ ( ਰੁੱਤ ਸ਼ਬਦ ) ਹੁੰਦਾ ਹੈ ਜੋ ਜਾਂ ਤਾਂ ਸਿੱਧਾ ਹੀ ਰੁੱਤ ਦਾ ਜ਼ਿਕਰ ਕਰਦਾ ਹੈ ਜਾਂ ਫਿਰ ਫਿਰ ਕੁਝ ਦੂਸਰੇ ਸ਼ਬਦਾਂ ਨਾਲ ਅਸਿੱਧੇ ਤੌਰ ‘ਤੇ ਉਸ ਕੁਦਰਤੀ ਜਗਤ ਦਾ ਅਹਿਸਾਸ ਪੈਦਾ ਕਰਦਾ ਹੈ ਜਿਸ ਵਿੱਚ ਅਸੀਂ ਜੀਵਨ ਬਸਰ ਕਰਦੇ ਹਾਂ। ਇਸ ਵਿੱਚ ਦੋ ਵਿਸ਼੍ਰਾਮ ( ਝਟਕਿਆਂ ਵਾਲੀ ) ਸਮਦੇਸ਼ੀ-ਨਿਕਟਤਾ ਹੁੰਦੀ ਹੈ ਜੋ ਕੀਰੇਜੀ ( ਕੱਟਣ ਵਾਲਾ ਸ਼ਬਦ ) ਦਾ ਕੰਮ ਕਰਦੀ ਹੈ ਜਿਸ ਦੁਆਰਾ ਚੇਤਨ ਵਿਸ਼੍ਰਾਮ ਲਗਾਇਆ ਜਾਂਦਾ ਹੈ। ਹਾਇਕੂ ਨੂੰ ਉੱਪਰ ਸਦਾ ਹੀ 5-7-5 ਧੁਨੀ-ਅੰਸ਼ਾਂ ਵਾਲੀ ਸ਼ਰਤ ਆਇਦ ਨਹੀਂ ਹੁੰਦੀ, ਸਗੋਂ, ਇਹ ਛੋਟੀ-ਲੰਬੀ-ਛੋਟੀ ਸਤਰ ਵਾਲੀ ਧੁਨ ਨੂੰ ਅਪਣਾਉਣ ਦੇ ਨਜ਼ਦੀਕ ਜ਼ਰੂਰ ਹੋਵੇ। ਸਹੀ ਤਰੀਕੇ ਨਾਲ ਲਿਖੇ ਹਾਇਕੂ ਵਿੱਚ ਸਥਾਨ ( ਦੀ ਜੜ੍ਹਤ ), ਵਿਸ਼ਾ, ਕਿਰਿਆ ਅਤੇ ਇੱਕ “ਅਹਾ!” ਖਿਣ ਹੁੰਦਾ ਹੈ ਜਿਸਨੂੰ ਪਹਿਲੇ ਦਾਣੇ ਦੀ “ਪਟਾਕ” ਵਾਲੀ ਉਸ ਆਵਾਜ਼ ਨਾਲ ਮੇਲਿਆ ਜਾ ਸਕਦਾ ਹੈ ਜੋ ਅਸੀਂ ਪੌਪ-ਕਾਰਨ ਬਣਾਉਣ ਸਮੇਂ ਸੁਣਦੇ ਹਾਂ।”

 

ਜਾਪਾਨ ਦੇ ਓਗੀਵਾਰਾ ਸੇਇਸੇਨਸੁਈ ਨੇਂ ਲਿਖਿਆ ਸੀ:

“ਰੁੱਤ, ਜ਼ਿੰਦਾ ਮਾਸਤੇ ਬੰਨ੍ਹੀ ਇੱਕ ਮੁਰਦਾ ਬੇੜੀ ਹੈ।”


ਹਾਇਕੂ ਦੀ ਪਰਿਭਾਸ਼ਾ ਵੱਲਨਾਮੀ ਆਪਨੇ ਲੇਖ ਵਿੱਚ ਜਾਰਜ ਸਵੀਡ ਨੇਂ 2000 ਵਿੱਚ ਲਿਖਿਆ:

ਕੁਦਰਤ ਦਾ ਕੋਈ ਨਾ ਕੋਈ ਪੱਖ ਆਪਨੇ ਵਿੱਚ ਸਮੇਟੇ ਤੋਂ ਬਿਨਾਂ ਕੋਈ ਕਵਿਤਾ ਹਾਇਕੂ ਨਹੀਂ ਅਖਵਾ ਸਕਦੀ।  ਭਾਵੇਂ ਮਨੁੱਖਾਸੁਭਾਵ ਹਾਇਕੂ ਦਾ ਹਿੱਸਾ ਹੋ ਸਕਦਾ ਹੈ ਪਰ ਇਹ ਵੀ ਕਿਸੇ ਨਾ ਕਿਸੇ ਤਰਾਂ ਬਾਹਰੀ ਜਗਤ ਨਾਲ ਮੇਲ ਕੇ ਹੀ ਪੇਸ਼ ਕੀਤਾ ਜਾਵੇ ਨਹੀਂ ਤਾਂ ਇਹ ਸੇਨ੍ਰ੍ਯੁ ਬਣ ਜਾਂਦੀ ਹੈ।

ਜਾਪਾਨੀ ਬਨਯਾਨਾਤਸ਼ੁਇਸ਼ੀ ਕਹਿੰਦਾ ਹੈ:

ਮੇਰਾ ਵਿਸ਼ਵਾਸ ਹੈ ਕਿ ਹਾਇਕੂ ਕਵਿਤਾ ਬਿਨਾਂ ਰੁੱਤਸੰਕੇਤਿਕਸ਼ਬਦ ਦੇ, ਬਿਨਾਂ 5-7-5 ਦੇ ਖੁੱਲ੍ਹੀਕਵਿਤਾ ਵਾਂਗ ਵੀ ਚੱਜ ਨਾਲ ਲਿਖੀ ਜਾ ਸਕਦੀ ਹੈ।

ਆਪਣੇ ਵਿਦਿਆਰਥੀ ਚੇਲਿਆਂ ਨੂੰ ਇਹ ਸਿਖਾਉਂਦਾ ਹੋਇਆ ਬਾਸ਼ੋ ਕੀ ਉੱਕਾ ਹੀ ਗਲਤ ਸੀ:

ਸੈਗ੍ਯੋ ਦਾ ਵਾਕਾ, ਸੋਗੀ ਦਾ ਰੇਂਗਾ, ਸੇਸਸ਼ੁ ਦੀ ਚਿਤ੍ਰਕਾਰੀ ਰਿਕ੍ਯੁ ਦਾ ਚਾਹਸਮਾਗਮਇਹ ਸਭ ਕਲਾ ਮਾਰਗ ਇੱਕੋ ਸੂਤਰ ਵਿਚ ਪਰੋਏ ਹੋਏ ਹਨ। ਅਤੇ ਇਹਨਾ ਦੇ ਸੁਹਜ ਦੀ ਰੂਹ ਇੱਕੋ ਹੈ – ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਣਾ, ਚੌਹਾਂ ਰੁਤਾਂ ਦੇ ਪਲਟਣ ਦੇ ਸਾਕਸ਼ੀ ਹੋਣਾ, ਗਵਾਹ ਮਾਤ੍ਰ। ਅਜਿਹਾ ਕੁਝ ਵੀ ਨਹੀਂ ਹੈ ਜੋ ਫੁੱਲ ਨਹੀਂ ਹੈ, ਐਸਾ ਕੁਝ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ ਜੋ ਚੰਦ੍ਰਮਾ ਨਹੀਂ। ਜੇ ਹਰ ਦੇਖੀ ਸ਼ੈਅ ਫੁੱਲ ਨਹੀਂ ਤਾਂ ਉਹ ਵਿਅਕਤੀ ਇੱਕ ਜਾਂਗਲੀ ਹੈ, ਜੇ ਹਰ ਤਸੱਵਰ ਕੀਤੀ ਸ਼ੈਅ ਚੰਨ ਨਹੀਂ ਤਾਂ ਐਸਾ ਵਿਅਕਤੀ ਅਸਲ ਖ਼ਰ ਹੈ। ਇਸ ਜਾਂਗਲੀਪੁਣੇ ਤੋ ਵਿਦਾ ਲਵੋ, ਇਸ ਪਸ਼ੂ ਨਾਲੋਂ ਨਾਤਾ ਤੋੜ੍ਹ ਲਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਵਲ ਪਰਤ ਆਵੋ।

– ਮਾਤਸੁਓ ਬਾਸ਼ੋ

ਨੈਪਸੈਕ ਨੋਟਬੁੱਕ, ਅਨੁ. ਡੇਵਿਡ ਲੈਂਡਿਸ ਬਾਰਨਿੱਲ

 

ਮੇਰੇ ਨਿਬੰਧ ਕੀਗੋ ਹਾਂ ਕਿ ਕੀਗੋ ਨਾਂਹ ਦਾ ਹਵਾਲਾ ਇਹ ਦੇਖਣ ਲਈ ਲਿਆ ਜਾ ਸਕਦਾ ਹੈ ਕੀ ਹੋੱਕੁ ਵਿੱਚ ਕੁਦਰਤ ਦਾ ਕੀ ਯੋਗ ਹੈ ਅਤੇ ਕਿਵੇਂ ਇਸ ਵਿਸ਼ੇ ਉੱਪਰ ਲਿਖੇ ਲੇਖਾਂ ਦੀ ਘਾਟ ਕਾਰਨ ਇਸ ਸੰਕਲਪ ਨੂੰ ਸਮਝਣ ਵਿੱਚ ਅਸੀਂ ਅਸਮਰਥ ਰਹੇ ਹਾਂ।

http://haikureality.webs.com/esejeng102.htm

 

ਹਾਇਕੂ ਸੋਸਾਇਟੀ ਆਵ ਅਮੇਰਿਕਾ ਦੁਆਰਾ ਹਾਇਕੂ ਦੀ ਪ੍ਰੀਭਾਸ਼ਾ:

 

“ਸੰਖੇਪ ਕਾਵਿ ਰੂਪ ਹਾਇਕੂ ਕਿਸੇ ਅਜਿਹੇ ਕੁਦਰਤੀ ਜਾਂ ਮੌਸਮੀ ਅਨੁਭਵ ਦੇ ਸਾਰ ਨੂੰ ਬਿੰਬਾਤਮਿਕ ਭਾਸ਼ਾ ਦੁਆਰਾ ਪ੍ਰਗਟਾਉਂਦਾ ਹੈ ਜੋ ਸਹਿਜ-ਗਿਆਨ ਵਸ ਮਨੁੱਖਾ ਪ੍ਰਸਥਿਤੀਆਂ ਨਾਲ ਜੁੜਿਆ ਹੁੰਦਾ ਹੈ।”

 

ਕੁਝ ਨੋਟ: ਅੰਗ੍ਰੇਜ਼ੀ ਵਿੱਚ ਲਿਖੇ ਜਾ ਰਹੇ ਹਾਇਕੂ ਜ਼ਿਆਦਾਤਰ ਤੁਕਾਂਤ-ਮੇਲ ਮੁਕਤ ਸਤਾਰਾਂ ਜਾਂ ਘੱਟ ਸਿਲੇਬਲ ਦੀਆਂ ਤਿੰਨ ਸਤਰਾਂ ਵਿੱਚ ਲਿਖੇ ਜਾਂਦੇ ਹਨ, ਜਿਨ੍ਹਾਂ ਵਿਚੋਂ ਵਿਚਕਾਰਲੀ ਸਤਰ ਲੰਬੀ ਹੁੰਦੀ ਹੈ, ਹਾਲਾਂਕਿ ਅੱਜ ਦੇ ਕਵੀ ਵਿਭਿੰਨ ਕਿਸਮ ਦੀਆਂ ਸਤਰ ਲੰਬਾਈਆਂ ਅਤੇ ਬਣਤਰਾਂ ਵਰਤ ਰਹੇ ਹਨ। ਆਦਰਸ਼ ਰੂਪ ਵਿੱਚ ਜਾਪਾਨੀ ਦੇ ਹਾਇਕੂ ਵਿੱਚ ਪੰਜ-ਸੱਤ-ਪੰਜ ਦੇ ਕ੍ਰਮ ਪ੍ਰਬੰਧ ਵਿੱਚ ਸਤਾਰਾਂ ਧੁਨੀ-ਖੰਡ ਹੁੰਦੇ ਹਨ, ਜਿਨ੍ਹਾਂ ਨੂੰ ‘ਔਨ’ ਕਿਹਾ ਜਾਂਦਾ ਹੈ। ( ਜਾਪਾਨੀ ਕਵਿਤਾ ਦੇ ਕੁਝ ਅਨੁਵਾਦਕਾਂ ਨੇ ਇਹ ਨੋਟ ਕੀਤਾ ਹੈ ਕਿ ਅੰਗ੍ਰੇਜ਼ੀ ਦੇ ਬਾਰਾਂ ਸਿਲੇਬਲ ਜਾਪਾਨੀ ਦੇ ਸਤਾਰਾਂ ਔਨ ਜਿੰਨੇ ਵਕਫੇ ਵਿੱਚ ਹੀ ਬੋਲੇ ਜਾਂਦੇ ਹਨ। ) ਪ੍ਰੰਪਰਾਗਤ ਜਾਪਾਨੀ ਹਾਇਕੂ ਵਿੱਚ ਇੱਕ ‘ਰੁੱਤ ਸ਼ਬਦ’ ( ਕੀਗੋ ), ਕੋਈ ਸ਼ਬਦ ਜਾਂ ਵਾਕੰਸ਼ ਜਿਸਤੋਂ ਹਾਇਕੂ ਵਿਚਲੇ ਅਨੁਭਵ ਸਮੇਂ ਦੀ ਰੁੱਤ ਦਾ ਪਤਾ ਲੱਗਦਾ ਹੈ, ਅਤੇ ਇੱਕ ‘ਕੱਟਣ ਵਾਲਾ ਸ਼ਬਦ’ ( ਕੀਰੇਜੀ ),  ਇੱਕ ਪ੍ਰਕਾਰ ਦਾ ਮੌਖਿਕ ਵਿਸ਼੍ਰਾਮ ਚਿੰਨ੍ਹ ਜੋ ਵਿਸ਼੍ਰਾਮ ਦੇ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਾਂ ਕਵਿਤਾ ਦੇ ਇੱਕ ਅੰਸ਼ ਨੂੰ ਬਲ ਬਖਸ਼ਦਾ ਹੈ, ਹੁੰਦੇ ਹਨ। ਅੰਗ੍ਰੇਜ਼ੀ ਵਿੱਚ ਰੁੱਤ-ਸ਼ਬਦ ਕਈ ਵਾਰ ਛੱਡ ਦਿੱਤੇ ਜਾਂਦੇ ਹਨ, ਪਰ ਸਪਸ਼ਟ ਬਿੰਬਾਂ ਦੁਆਰਾ ਪਕੜਿਆ ਅਨੁਭਵ ਉੱਪਰਲਾ ਮੌਲਿਕ ਇਕਾਗਰਤਾ ਜਾਰੀ ਰੱਖੀ ਗਈ ਹੈ। ਸਭਤੋਂ ਵੱਧ ਵਰਤੀ ਜਾਂਦੀ ਤਕਨੀਕ਼ ਦੋ ਬਿੰਬਾਂ ਜਾਂ ਵਿਚਾਰਾਂ ਦੀ ਸਮਦੇਸ਼ੀ-ਨਿਕਟਤਾ ( juxtaposition ) ਜਿਸਨੂੰ ਜਾਪਾਨੀ ਵਿੱਚ ਰੇਂਸੂ  (rensô) ਕਿਹਾ ਜਾਂਦਾ ਹੈ।  ਵਿਸ਼੍ਰਾਮ, ਅੰਤਰਾਲ, ਰਿਕਤ-ਸਥਾਨ, ਫਿਰ ਵਿਆਕਰਣਾਤਮਿਕ ਵਿਭਾਜਨ ਨੂੰ ਕੱਟਣ-ਵਾਲੇ-ਸ਼ਬਦ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।  ਜ਼ਿਆਦਾਤਰ ਹਾਇਕੂ ਬਿਨਾਂ ਸਿਰਲੇਖ ਦੇ ਹੁੰਦੇ ਹਨ ਅਤੇ  ਅਲੰਕਾਰਾਂ ਅਤੇ ਤਸ਼ਬੀਹਾਂ ਤੋਂ ਵੀ ਅਕਸਰ ਬਚਿਆ ਹੀ ਜਾਂਦਾ ਹੈ। ( ਹਾਇਕੂ ਕਦੇ ਕਦੇ ਪ੍ਰਾਰੰਭਿਕ ਨੋਟਾਂ ਨਾਲ ਵੀ ਲਿਖੇ ਜਾਂਦੇ ਹਨ ਜੋ ਅਕਸਰ ਇਸਦੀ ਸੈੱਟਿੰਗ ਜਾਂ ਇਹੋ ਜਿਹੇ ਹੀ ਤੱਥ ਦਰਸਾਉਂਦੇ ਹਨ: ਅਲੰਕਾਰ ਅਤੇ ਤਸ਼ਬੀਹਾਂ ਵੀ ਕਦੇ ਕਦੇ ਆਪਣੇ ਸਾਧਾਰਣ ਪਦ-ਅਰਥਾਂ ਵਿੱਚ ਮਿਲਦੇ ਹਨ, ਪਰ ਬਹੁਤਾਤ ਵਿੱਚ ਨਹੀਂ। ) ਹਾਇਕੂ ਵਿੱਚ ‘ਗਹਿਰਾ ਅਲੰਕਾਰ’ ਜਾਂ ਚਿੰਨ੍ਹ੍ਵਾਦ ਕਿਸਨੂੰ ਕਿਹਾ ਜਾਵੇ – ਇਹ ਚਰਚਾ ਪ੍ਰੀਭਾਸ਼ਾ ਦੀਆਂ ਹੱਦਾਂ ਤੋਂ ਬਾਹਰ ਦੀ ਗੱਲ ਹੈ।”

ਮੇਰੀਅਮ ਵੈਬਸਟਰ ਡਿਕਸ਼ਨਰੀ:

 

ਹਾਇਕੂ “ਜਾਪਾਨ ‘ਚ ਜਨਮੀ ਇੱਕ ਤੁਕਾਂਤ-ਮੇਲ ਮੁਕਤ 5-7-5 ਸਿਲਾਬਲ ਦੇ ਕ੍ਰਮ ਵਿੱਚ ਤਿੰਨ ਸਤਰਾਂ ਵਿੱਚ ਲਿਖੀ ਜਾਂਦੀ ਕਵਿਤਾ ਹੈ: ਨਾਲ ਹੀ: ਇਸ ਰੂਪ ਵਿੱਚ ਲਿਖੀ ਕਵਿਤਾ ਜਿਸ ਵਿੱਚ ਰੁੱਤ ਪ੍ਰਤੀ ਹਵਾਲਾ ਹੋਵੇ।”

 

ਏਨੀ’ਆ, ਕੈਟੇਲ ਦੀ ਸੰਪਾਦਿਕਾ ਨੇ ਲਿਖਿਆ:

 

“ਮੇਰੀਆਂ ‘ਸੰਪਾਦਕ ਦੀ ਚੋਣ’ ਵਿੱਚ ਚੁਣੀਦਾ ਰਚਨਾਵਾਂ ਸਤਰਾਂ/ਹਿੱਜਿਆਂ ਉੱਪਰ ਆਧਾਰਿਤ ਨਹੀਂ ਹੁੰਦੀਆਂ ਕਿਉਂਕਿ ਮੇਰੇ ਲਈ ਰੂਪ ਦਾ ਵਸਤੂ ਮੂਹਰੇ ਕੋਈ ਅਰਥ ਨਹੀਂ, ਅਤੇ ਨਾਂ ਹੀ ਮੈਨੂੰ ਕੀਗੋ ਹਾਇਕੂ ਲਈ ਕੋਈ ਜ਼ਰੂਰੀ ਸ਼ਰਤ ਲੱਗਦੀ ਹੈ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਕੁਦਰਤੀ-ਜਗਤ ਦਾ ਕੋਈ ਨਾ ਕੋਈ ‘ਅਹਿਸਾਸ’ ਜ਼ਰੂਰੀ ਹੈ, ਸਮੇਤ ਸੈੱਟਿੰਗ, ਵਿਸ਼ਾ, ਕ੍ਰਿਆ, ਤੇ ਆਹਾ ਪਲ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਕ੍ਰਮ ਵਿੱਚ ਪ੍ਰਗਟ ਹੁੰਦੇ ਹਨ। ਬਦਕਿਸਮਤੀ ਨਾਲ, ਅੱਜ ਅਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜੋ ਹਾਇਕੂ ਦੇ ਮਖੌਟੇ ਹੇਠ ਸਭ ਪ੍ਰਕਾਰ ਦੀ ‘ਮਿੰਨੀ ਕਵਿਤਾਵਾਂ’ ਪ੍ਰਕਾਸ਼ਿਤ ਕਰਵਾ ਰਹੇ ਹਨ। ਇਹ ਮੁੱਖ-ਧਾਰਾ ਦੇ ਕਾਵਿ ਲਈ ਤਾਂ ਭਾਵੇਂ ਠੀਕ ਹੋਵੇ, ਪਰ ਮੇਰੇ ਖ਼ਿਆਲ ਅਨੁਸਾਰ, ਜਦੋਂ ਇਹ ਜਾਪਾਨੀ ਅਤੇ ਪੂਰਵੀ ਸੁਹਜ ਦੇ ਸੰਧਰਵ ਵਿੱਚ ਹੈ ਤਾਂ ਕਹਾਣੀ ਬਿਲਕੁਲ ਵੱਖਰੀ ਹੈ।

 

ਰ. ਹ. ਬਲਿਥ ਆਪਣੀ ਕਿਤਾਬ, ਹਾਇਕੂ ਦਾ ਇਤਿਹਾਸ – ਭਾਗ ਪਹਿਲਾ, ਵਿੱਚ ਲਿਖਦਾ ਹੈ:

 

“ਹਾਇਕੂ ਚੂੰਕਿ ਸੰਵੇਦਨਾਵਾਂ ਦਾ ਕਾਵਿ ਹੈ, ਆਦਰਸ਼ ਰੂਪ ਵਿੱਚ ਆਖਿਆਂ ਜੋ ਹੁੰਦਾ ਹੈ ਉਹ ਇੰਝ ਹੈ. ਅਸੀਂ ਇੱਕ ਸੰਵੇਦਨਾ ਗ੍ਰਹਿਣ ਜਾਂ ਪੈਦਾ ਕਰਦੇ ਹਾਂ, ਮਹਿਜ਼ ਇੱਕ ਸੰਵੇਦਨਾ, ਕਰੀਬ-ਕਰੀਬ ਮੁਕੰਮਲ ਰੂਪ ਵਿੱਚ ਭੌਤਕੀ ਅਤੇ ਯਾਂਤ੍ਰਿਕ। ਤਦ ਇਸਦਾ ਮਾਨਵੀ-ਕਰਨ ਹੁੰਦਾ ਹੈ, ਅਤੇ ਇਹ ਉਹ ਪੜਾਉ ਹੈ ਜਿਸਨੂੰ ਜ਼ੇਨ ਲੋਕ ਆਖਦੇ ਹਨ – ਦਾਈ-ਇਚੀ ਨੇਨ। ( ਮੈਨੂੰ ਕਾਫ਼ੀ ਭਾਲਣ ‘ਤੇ ਭੀ ਇਸਦੇ ਅਰਥ ਨਹੀਂ ਮਿਲੇ। ਸ਼ਾਇਦ ਬੁੱਧ ਦੇ ਬਚਨ “ਜੈਸਾ ਹੈ ਤੈਸਾ ਹੀ ਹੈ” ਵਲ ਇਸ਼ਾਰਾ ਹੈ। – ਅਨੁ. ) ਹਾਇਕੂ ਦਾਈ-ਇਚੀ ਨੇਨ ਹੈ, ਪਰ ਫਿਰ ਵੀ ਇਹ ਮਹਿਜ਼ ਬਿਆਨਕਾਰੀ ਜਾਂ ਫ਼ੋਟੋਗ੍ਰਾਫੀ ਮਾਤ੍ਰ ਨਹੀਂ। ਜਗਤ ਦੀਆਂ ਸਭ ਤੋਂ ਭੱਦੀਆਂ ਚੀਜ਼ਾਂ ਵਿਚੋਂ ਇੱਕ ਹੈ ਵਿਚਾਰ ਅਤੇ ਭਾਵਨਾਵਾਂ ਧੂੜ ਕੇ ਪਰੋਸੀ ਹੋਈ ਸੰਵੇਦਨਾ………।”

 

ਹਾਮਿਸ਼ ਆਇਰਨਸਾਈਡ ਆਪਣੇ ਇੱਕ ਲੇਖ “ਨੀਚ ਝੂਠਾਂ ਦੇ ਖ਼ਿਲਾਫ਼: ਹਾਇਕੂ ਵਿੱਚ ਸਤਯਵਰਤਾ”, ਜੋ ਕਿ ‘ਅ ਹੰਡਰਡ ਗੌਰਡ’ ਦੇ ਸਤੰਬਰ 2013 ਦੇ ਅੰਕ ਵਿੱਚ ਛੱਪਿਆ ਸੀ, ਵਿੱਚ ਲਿਖਦੀ ਹੈ:

 

“ਸੰਖੇਪਤਾ ਹਾਇਕੂ ਦੀ ਮੁਢਲੀ ਸ਼ਰਤ ਹੈ। ਭਾਵੇਂ ਹਾਇਕੂ ਨਾਲ ਜੋੜੀਆਂ ਜਾਂਦੀਆਂ ਸਾਰੀਆਂ ਸ਼ਰਤਾਂ ਦੀ ਪੂਰਤੀ ਹੁੰਦੀ ਹੋਵੇ ਪਰ ਇੱਕ ਖ਼ਾਸ ਆਕਾਰ ਤੋਂ ਲੰਬਾ ਲਿਖਿਆਂ ਇਹ ਹਾਇਕੂ ਨਹੀਂ ਰਹਿ ਜਾਂਦਾ; ਇਹ ਤਾਂਕਾ ਹੋ ਸਕਦਾ ਹੈ ਜਾਂ ਕੁਝ ਵੀ ਅਸਲੋਂ ਹੀ ਹੋਰ ਸ਼ੈਅ।”

 

ਹਾਇਕੂ ਕੈਨੇਡਾ ਰਿਵਿਊ (ਅਕਤੂਬਰ 2008) ਵਿੱਚ ਮਾਇਕਲ ਡਿਲਨ ਵੈਲਸ਼ ਨੇਂ ਲਿਖਿਆ:

 

“ਹਰ ਹਾਇਕੂ ‘ਹੁਣ’ ਬਾਰੇ ਇੱਕ ਕਵਿਤਾ ਹੈ, ਪਰ ਇਹ ਗਲ ਇਸ ਨਾਲੋਂ ਭਿੰਨ ਹੈ ਕਿ ਸਿਰਫ਼ ‘ਹੁਣ’ ਹੀ ਹੈ ਜੋ ਹਾਇਕੂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ। ਸਾਧਾਰਣ ਸ਼ਬਦਾਂ ਵਿੱਚ ਕਵਿਤਾ ਦਾ ‘ਹੁਣ’ ਉਸ ਪਲ ਦਾ ਹੀ ‘ਹੁਣ’ ਹੋਣਾ ਜਦੋਂ ਕਵਿਤਾ ਲਿਖੀ ਗਈ ਸੀ, ਕੋਈ ਜ਼ਰੂਰੀ ਨਹੀਂ।”

 

ਨੋਟ: ਬਾਸ਼ੋ, ਬੁਸੋਂ, ਦੋਹੋ, ਇੱਸਾ ਨੇ ਕਦੇ ਵੀ ਆਪਣੇ ਅਨੁਆਈਆਂ ਨੂੰ ਕਿਸੇ ਆਹਾ ਖਿਣ ਉੱਪਰ ਕੇਂਦ੍ਰਿਤ ਹੋੱਕੁ ਲਿਖਣ ਦੀ ਸਲਾਹ/ਸਿੱਖਿਆ ਨਹੀਂ ਸੀ ਦਿੱਤੀ। ਇਹ “ਆਹਾ ਖਿਣ” ਰ. ਹ. ਬਲਿਥ ਅਤੇ ਕੇੱਨੇਥ ਯਾਸੁਦਾ ਦੀ ਹੀ ਕਾਢ ਹੈ ਜਿਸਦਾ ਆਧਾਰ ਉਹਨਾਂ ਦੀ ਇਹ ਗ਼ਲਤ ਧਰਨਾ ਸੀ ਕਿ ਹਾਇਕੂ ਜ਼ੇਨ ਬੋਧੀਆਂ ਦੀ ਕਾਵਿ ਵਿਧਾ ਹੈ। ਅੱਜ ਦੇ ਵਿਦਵਾਨ ਭਲੀਭਾਂਤ ਜਾਣੂੰ ਹਨ ਕਿ ਮਾਤਸੁਓ ਬਾਸ਼ੋ ਸਨਾਤਨੀ ਕੁਦਰਤਵਾਦ, ਤਾਓਵਾਦ,ਅਤੇ ਚੁਆਂਗ-ਜ਼ੀ ਤੋਂ ਗਹਿਨ ਰੂਪ ਵਿੱਚ ਪ੍ਰਭਾਵਿਤ ਸੀ; ਕਿ ਉਸਦੇ ਚਿੱਤ ਦਾ ਸਵਰੂਪ  ਉਸਦੇ ਧਾਰਮਿਕ ਅਤੇ ਸਮਾਜਿਕ ਵਿਸ਼ਵਾਸਾਂ ਦੀ ਲੜ੍ਹੀ ਦਾ ਸਿੱਟਾ ਸੀ ਜੋ ਉਸਦੇ ਆਪਣੇ ਅਨੁਭਵ ਦੀ ਗਹਿਰਾਈ ਅਤੇ ਸਭਿਆਚਾਰਿਕ ਸਮ੍ਰਿਤੀ ਕਾਰਨ ਘੜਿਆ ਗਿਆ, ਜ਼ੇਨ-ਬੁੱਧ ਧਰਮ ਵੀ ਇਸ ਲੜ੍ਹੀ ਦਾ ਇੱਕ ਹਿੱਸਾ ਜ਼ਰੂਰ ਸੀ ਨਾਂਕਿ ਸਿਰਫ਼ ਇੱਕੋ ਇੱਕ ਨਿਰਣਾਇਕ ਪਹਿਲੂ।

 

ਅ. ਵ. ਕੋਸ਼ਯ, ਇਛਾਮੋਤੀ ਰਿਵਿਊ ( ਸਾਲ I ਅੰਕ I 2013 ) ਵਿੱਚ ਲਿਖਦਾ ਹੈ:

 

“ਹਾਇਕੂ ਕਿਵੇਂ ਲਿਖੀਏ

ਹਾਇਕੂ ਲਿਖਣਾ ਤਾਂ ਅੱਜਕਲ ਬਹੁਤ ਹੀ ਆਸਾਨ ਕੰਮ ਹੋ ਗਿਆ ਹੈ। ਕੀਗੋ, ਰੁੱਤਾਂ, ਕੀਰੇਜੀ ਆਦਿ ਉਹ ਅਸੂਲ ਜਿਨ੍ਹਾਂ ਤਹਿਤ ਹਾਇਕੂ ਰਚਿਆ ਜਾਂਦਾ ਸੀ ਸਾਰੇ ਮਿਟ-ਖੁਰ ਚੁੱਕੇ ਹਨ, ਜੇ ਕੁਝ ਬਚਿਆ ਹੈ ਤਾਂ 5-7-5 ਅਤੇ ਟਕਰਾਉ ਅਤੇ ਸਮਦੇਸ਼ੀ-ਨਿਕਟਤਾ ( juxtaposition ) ਵਾਲੀ, ਜਿਸਦਾ  ਉਘੜਵਾਂ/ਸਪਸ਼ਟ ਹੋਣਾ ਵੀ ਜ਼ਰੂਰੀ ਨਹੀਂ, ਫੋਟੋ-ਨੁਮਾ ਕਵਿਤਾ। ਦੋ ਹਰਫਾਂ ਵਿੱਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਹਾਇਕੂ ਦਿਨੋਂ-ਦਿਨ ਸੇਨ੍ਰ੍ਯੁ ਵਰਗਾ ਹੁੰਦਾ ਜਾ ਰਿਹਾ ਹੈ, ਅੱਜਕਲ।

 

ਬਿੱਲੀ ਵਿਲਸਨ ( ਲੇਖਕ ਦਾ ਸੰਬੰਧੀ ਨਹੀਂ ) ਵ. ਵ. ਨੋਰਟਣ ਦੁਆਰਾ ਪ੍ਰਕਾਸ਼ਿਤ; ਜਿਮ ਕੇਚੀਅਨ, ਐਲਨ ਬਰਨਜ਼ ਅਤੇ ਫਿਲਿਪ ਰੌਊਲੈਂਡ ਦੁਆਰਾ ਸੰਗ੍ਰਿਹਤ ਕੀਤੀ, ਮਾਡਰਨ ਇੰਗਲਿਸ਼ ਹਾਇਕੂ: ਪਹਿਲੇ ਸੌ ਸਾਲ  ਦੀ ਜਾਣ-ਪਹਿਚਾਣ ਵਿੱਚ ਲਿਖਦਾ ਹੈ:

 

“ਸਰਬੋਤਮ ਹਾਇਕੂ ਵਿੱਚ ਕਵੀ ਦੇ ਧਿਆਨ ਦੀ ਸਿਖਰ ਅਤੇ ਕਵਿਤਾ ਦੇ ਸ਼ਬਦਾ ਵਿੱਚ ਪਕੜਿਆ ਗਿਆ ਸਮੇਂ ਦਾ ਇੱਕ ਖਿਣ ਹੁੰਦਾ ਹੈ। ਸਾਧਾਰਨ ਪ੍ਰੇਖਣ ਨੂੰ ‘ਇਥੇ-ਅਤੇ-ਹੁਣ’ ਵਿੱਚ ਪੇਸ਼ ਕਰਕੇ ਪਾਠਕ ਨੂੰ ਚਕਿਤ ਕਰਨ ਨੂੰ ਪੂਰੀ ਤਰਾਂ ਸਮਰਪਿਤ ਇਹ ਹੀ ਕਵਿਤਾ ਦੀ ਇੱਕੋ ਇੱਕ ਵੰਨਗੀ ਹੈ।”

 

ਵਿਲਸਨ ਦੁਆਰਾ ਸੁਝਾਈ ਇਸ ਉਕਤੀ ਦੀ ਮਾਤਸੁਓ ਬਾਸ਼ੋ ਦੀ ਕਿਸੇ ਵੀ ਸਿਖਿਆ ਨੇ ਕਦੇ ਵੀ ਅਜਿਹੀ ਉਦਘੋਸ਼ਨਾ ਨਹੀਂ ਕੀਤੀ। ਬਸ਼ੋ ਸਦਾ ਹੀ ਆਪਣੀਆਂ ਕਵਿਤਾਵਾਂ ‘ਤੇ ਮੁੜ-ਮੁੜ ਕੇ ਕੰਮ ਕਰਦਾ ਸੀ, ਖ਼ਾਸ ਕਰ ਜਦੋਂ ਉਹ ਆਪਣੇ ਕਿਤੇ ਮਗਰੋਂ ਜਾ ਕੇ ਲਿਖੇ ਹੋਏ ਹਾਇਬਨ ਜਾਂ ਸਫ਼ਰਨਾਮੇ ਵਿੱਚ ਆਪਣੀ ਪਹਿਲਾਂ ਦੀ ਲਿਖੀ ਕਵਿਤਾ ਦਾ ਇਸਤੇਮਾਲ ਕਰਦਾ ਸੀ। ਹੋੱਕੁ ਲਿਖਣ ਲਈ ਉਹ ਅਕਸਰ ਆਪਣੀ ਯਾਦ-ਸ਼ਕਤੀ ਦਾ ਸਹਾਰਾ ਲਿਆ ਕਰਦਾ ਸੀ। ਆਪਨੇ ਪਿਤਾ ਜੀ ਤੋਂ ਸਿਖੀ ਇੱਕ ਕਹਾਵਤ ਮੇਰੇ ਜ਼ਿਹਨ ਵਿੱਚ ਆ ਰਹੀ ਹੈ:

 

ਕਿਸੇ ਵੀ ਪੜ੍ਹੀ ਸੁਣੀ ‘ਤੇ ਅੱਖਾਂ ਮਿਚ ਕੇ ਯਕੀਨ ਨਾ ਕਰੀ। ਚੀਜ਼ਾਂ ਦੀ ਨਿਰਖ਼-ਪਰਖ਼ ਆਪ ਕਰੀਂ।

 

ਅੰਤਿਮ ਨਿਰਣੇ ਪੇਸ਼ ਕਰਨ ਦਾ ਦਾਵਾ ਕਰਦੀ ਕਿਤਾਬ ਵਿੱਚ ਲਿਖੀ ਹਰ ਗੱਲ ਹੀ ਸੱਚਮੁਚ ਹੀ ਠੀਕ ਹੋਵੇ ਐਸਾ ਕੋਈ ਜਰੂਰੀ ਨਹੀਂ। ਕੋਈ ਵੀ ਆਪਣੇ ਕਪੋਲ ‘ਚ ਸਿਰਜੀਆਂ ਕਾਲਪਨਿਕ ਥਿਓਰੀਆਂ ਦੇ ਲਾਗੂ ਕਰਨ ਲਈ ਪ੍ਰਚਾਰ ਕਰਦੀ ਕਿਤਾਬ ਲਿਖ ਸਕਦਾ ਹੈ, ਤੇ ਅਜਿਹਾ ਕਰ ਵੀ ਸਕਦਾ ਹੈ ਕਾਇਲ ਕਰ ਲੈਣ ਵਾਲੀ ਨਿਪੁੰਨਤਾ ਨਾਲ।

 

ਕਿਤਾਬ ਮਾਡਰਨ ਇੰਗਲਿਸ਼ ਹਾਇਕੂ: ਪਹਿਲੇ ਸੌ ਵਰ੍ਹੇ, ਕੇਚੀਅਨ ਮੁਤਾਬਕ,“ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਨੂੰ ਪੜ੍ਹਨ ਅਤੇ ਸਮਝਣ ਲਈ ਇੱਕ ਨਵਾਂ ਮਾਪਦੰਡ” ਸਾਬਤ ਹੋਏਗੀ।” 230 ਤੋਂ ਵਧੀਕ ਕਵੀਆਂ ਦੀਆਂ ਕ੍ਰਿਤਾਂ ਦਾ ਪ੍ਰਦਰਸ਼ਨ ਕਰਦੀ 400 ਪੰਨਿਆਂ ਦੀ ਇਸ ਕਿਤਾਬ ਵਿੱਚ ਉਸ ਵਿਧਾ ਦੀ 74 ਪੰਨਿਆਂ ਦੀ ਸਮੀਖਿਆ ਹੈ ਜੋ ਵਿਧਾ ਹੀ ਨਹੀਂ ਹੈ। ਕੇਚੀਅਨ ਦਾ ਹਾਇਕੂ ਦਾ ਸੰਕਲਪ ਉਹਨਾਂ ਉਸਤਾਦ ਕਵੀਆਂ ਤੋ ਬੇਹੱਦ ਭਿੰਨ ਹੈ ਜਿਨ੍ਹਾਂ ਨੇਂ ਜਗਤ ਨੂੰ ਹੋੱਕੁ ਦਿੱਤਾ ਸੀ। ਕੁਝ ਅਜਿਹੇ ਹਾਇਕੂ ਵੀ ਇਸ ਕਿਤਾਬ ਵਿੱਚ ਪੇਸ਼ ਕੀਤੇ ਹਨ ਜੋ ਅਜਿਹੇ ਬਿੰਬ-ਸਿਰਜਿਕ ( Imagist ) ਕਵੀਆਂ ਦੁਆਰਾ ਲਿਖੇ ਗਏ ਜਿਨ੍ਹਾਂ ਨੇਂ ਕਦੇ ਵੀ ਹਾਇਕੂ-ਕਵੀ ਹੋਣ ਦਾ ਦਵਾ ਨਹੀਂ ਕੀਤਾ।

 

 ਛਿਦਰੀ ਹਵਾ! ਮਨ ਗਾਇਬ ਮੇਰਾ

ਆਈਵਰ ਵਿੰਟਰਜ਼ 

 

 

I(a

Ie

af

fa

II

s)
( ਇਸਦਾ ਕੋਈ ਕੀ ਅਨੁਵਾਦ ਕਰੇ? – ਅਨੁ. )

ਅਹਂਮ ( ਗਿ

 

ਰਿ

ਹਾ

 

ਪੱ

ਤਾ )

one                     ਇੱਕ

li                          ਲਾ

ness                    ਪਣ

– ਈ. ਈ. ਕੂਮਿੰਗਜ਼ 

 

ਰਾਤੀਂ ਮੀਂਹ ਵਰ੍ਹਿਆ ਸੀ। 

ਹੁਣ, ਉੱਜੜੇ ਜਿਹੇ ਪਹੁ-ਫੁਟਾਲੇ ‘ਚ 

ਨੀਲਕੰਠਾਂ ਦੀਆਂ ਕੂਕਾਂ 

 

– ਏਮੀ ਲੋਵੇੱਲ

 

ਭੀੜ ‘ਚ ਪ੍ਰਛਾਵੇਂ . . .

ਸਿਲ੍ਹੇ ਕਾਲੇ ਬੈਂਚ ‘ਤੇ

ਪੰਖੁੜੀਆਂ

 

– ਇਜ਼ਰਾ ਪੌਉਂਡ

 

ਨੋਟ: ਪੌਂਉਡ ਨੇਂ ਇਸ ਕਵਿਤਾ ਨੂੰ “ਹਾਇਕੂ-ਵਰਗੀ ਕਵਿਤਾ” ਕਿਹਾ ਸੀ। ਉਸਨੇ ਕਦੇ ਵੀ ਇਸ ਉੱਪਰ ਹਾਇਕੂ ਦਾ ਲੇਬਲ ਨਹੀਂ ਸੀ ਲਾਇਆ ਜਿਵੇਂ ਕਿ ਜਿਮ ਕੇਚੀਅਨ ਨੇਂ ਨੀਮ-ਅਧਿਕਾਰ ਜਿਹੇ ਨਾਲ ਇਸ ਸੰਗ੍ਰਿਹ, ਆਧੁਨਿਕ ਅੰਗ੍ਰੇਜ਼ੀ ਹਾਇਕੂ: ਪਹਿਲੇ ਸੌ ਵਰ੍ਹੇ, ਵਿੱਚ ਲਗਾ ਦਿੱਤਾ ਹੈ।

 

ਹਾਇਕੂ ਦੇ ਲੇਬਲ ਵਾਲੀਆਂ ਇਸ ਕਿਤਾਬ ਦੀਆਂ ਕੁਝ ਕਵਿਤਾਵਾਂ ਬੀਟ ਕਵੀਆਂ, ਜਿਹਨਾਂ ਨੇਂ ਰ. ਹ. ਬਲਿਥ ਅਤੇ ਕੇੱਨੇਥ ਯਾਸੁਦਾ ਦੀਆਂ ਕਿਤਾਬਾਂ ਕਿਸੇ ਕਾਹਲ ਜਿਹੀ ਵਿੱਚ ਪੜ੍ਹੀਆਂ ਸਨ, ਦੀ ਕਲਮ ‘ਚੋਂ ਗੈਰੀ ਸਨਾਈਡਰ ਦੇ ਬਰਕਲੇ ਕੈਲੀਫੋਰਨੀਆ ਵਾਲੇ ਘਰ ਉਦੋਂ ਨਿਕਲੀਆਂ ਹਨ ਜਦੋਂ ਉਹ ਸ਼ਰਾਬ ਤੇ ਹੋਰ ਨਸ਼ਿਆਂ ਨਾਲ ਧੁੱਤ ਸਨ।

 

ਇਸ ਸਵੇਰ:

ਪਾਣੀ ਦੀ ਬਾਲਟੀ ‘ਚ ਤਿਰ ਰਿਹਾ ਮੂਧੇ ਮੂੰਹ

ਇੱਕ ਡੁੱਬਿਆ ਚੂਹਾ

 

– ਗੈਰੀ ਸਨਾਈਡਰ

 

ਪਾਣੀ ਦੀ ਬਾਲਟੀ ‘ਚ ਡੁੱਬ ਕੇ ਮਰਿਆ ਮੂੱਧੇ ਮੂੰਹ ਤਿਰ ਰਿਹਾ ਇੱਕ ਚੂਹਾ ਨਾਂਹ ਤਾਂ ਇਲਹਾਮੀ ਝਲਕਾਰਾ ਹੈ ਤੇ ਨਾ ਹੀ ਸਾਨੂੰ ਕੁਦਰਤ ਬਾਰੇ ਕੋਈ ਅਜਿਹਾ ਚਾਨਣਾ ਹੀ ਪਾਉਂਦਾ ਹੈ ਜੋ ਅਸੀਂ ਪਹਿਲਾਂ ਤੋਂ ਹੀ ਨਹੀਂ ਜਾਣਦੇ। ਇਹ ਇੱਕ ਪ੍ਰੇਖਿਕ ਬਿਆਨ ਹੈ, ਇਸਤੋਂ ਵੱਧ ਕੁਝ ਵੀ ਨਹੀਂ।

 

ਕੀ ਫ਼ਰਕ ਹੈ ਇਸ ਅੱਗੇ ਵਾਲੇ ਵਿੱਚ ਵੀ ?

 

ਕਮਰੇ ‘ਚ ਮਖ਼ਮਲੀ ਗਲੀਚੇ ‘ਤੇ ਸੁੱਤਾ ਪਿਆ 

ਇੱਕ ਥੱਕਿਆ ਨੰਨ੍ਹਾ-ਮੁੰਨਾ

ਇੱਕ ਦੀਵਾਨਾ

ਚਲਚਿਤ੍ਰ ਚੋਂ ਪ੍ਰਗਟ ਹੋਇਆ:

ਲੰਚ-ਬ੍ਰੇਕ ਸਮੇਂ ਸੜਕ

 

– ਐਲਨ ਗਿੰਸਬਰਗ

 

ਇੱਕ ਪਗਲਾਇਆ ਆਦਮੀ ( ਗਿੰਸਬਰਗ ਦੀ Howl ਦੀ ਯਾਦ ਦਵਾਉਂਦਾ ) ਸਿਨੇਮਾ-ਘਰ ਚੋਂ ਨਿਕਲ, ਗਲੀ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਇਸਤੋਂ ਸਾਨੂੰ ਜ਼ੌਕਾ ਅਤੇ ਕੁਦਰਤ ਵਿੱਚ ਉਸਦੇ ਪ੍ਰਭਾਵਾਂ ਬਾਰੇ ਕੀ ਖ਼ਬਰ ਮਿਲਦੀ ਹੈ ? ਇਹ ਸੇਨ੍ਰ੍ਯੁ ਕਿਵੇਂ ਨਹੀਂ ਹੈ ? ਗਿੰਸਬਰਗ ਦੀ ਹੀ ਕਿਸੇ ਲੰਬੀ ਕਵਿਤਾ ਵਿੱਚੋਂ ਇੱਕ ਹਿੱਸੇ ਵਾਂਗ ਲੱਗਦਾ ਹੈ।

 

ਖੁੰਝ ਗਈ ਲੱਤ

ਫ੍ਰਿਜ ਦੇ ਦਰਵਾਜ਼ੇ ਨੂੰ ਮਾਰੀ

ਉਹ ਉਂਝ ਹੀ ਬੰਦ ਹੋ ਗਿਆ

 

– ਜੈਕ ਕੇਰੂਆਕ

 

ਕੇਰੂਆਕ ਨੇਂ ਫ੍ਰਿਜ ਬੰਦ ਕਰਨ ਲਈ ਲੱਤ ਵਰ੍ਹਾਈ ਪਰ ਨਿਸ਼ਾਨਾ ਖੁੰਝ ਗਿਆ। ਉਹ ਚਲੋ ਆਪੇ ਹੀ ਬੰਦ ਹੋ ਗਿਆ। ਇਹ ਪੇਖਣਾ ਨੂੰ ਕਵਿਤਾ ਕਿਵੇਂ ਕਹਿ ਦੇਈਏ ? ਇਸਨੂੰ ਹੋੱਕੁ ਦਾ ਪੁਨਰ-ਉਧਾਰਣ, ਜੋ ਹੋਣ ਦਾ ਹਾਇਕੂ ਦਾਵਾ ਕਰਦਾ ਹੈ, ਕਿਵੇਂ ਮੰਨ ਲਈਏ ? ਇਸਤੋਂ ਕੀ ਪਤਾ ਲੱਗਦਾ ਹੈ ਕੁਦਰਤ ਬਾਰੇ ਜਾਂ ਮਨੁੱਖਾ ਸਭਾਉ ਬਾਰੇ ? ਇਥੇ ਕੀ ਅਜਿਹਾ ਹੈ ਜਿਸਦੀ ਵਿਆਖਿਆ ਹੋ ਸਕੇ ? ਕਿੱਥੇ ਹਨ ਉਹ ਪਰਤਾਂ, ਉਹ ਸੁਹਜ ਦੇ ਸੰਦ, ਉਹ ਅਰਥਾਂ ਦੀ ਬਹੁਲਤਾ ਜਿਸਦੀ ਬਾਸ਼ੋ ਵਰਗਿਆਂ ਨੇਂ ਵਰਤੋ ਕਰ ਅਜਿਹਾ ਸਾਹਿਤ ਰਚਿਆ ਜੋ ਸਦੀ ਬੀਤਣ ‘ਤੇ ਵੀ ਹਰਮਨ ਭਾਉਂਦਾ ਹੈ ?

 

ਹਾਇਕੂ ਦਰਅਸਲ, ਜਿਵੇਂ ਕਿ ਮੈਂ ਇਸੇ ਲੜ੍ਹੀ ਦੇ ਪਹਿਲੇ ਨਿਬੰਧਾਂ ਵਿੱਚ ਕਿਹਾ ਹੈ, ਜਰਮਨੀ-ਆਧਾਰਿਤ ਵਿਸ਼ਵਵਿਦਿਆਲਯ-ਪ੍ਰਭਾਵਿਤ ਆਵਾਜ਼ ਹੈ ਜਿਸਨੂੰ ਸ਼ੀਕੀ ਨੇਂ ਜਗਤ ਅੱਗੇ ਪਰੋਸਿਆ ਅਤੇ ਉਹ ਆਪ ਭਾਰੀ ਤਰਾਂ ਪੱਛਮੀ ਪ੍ਰਭਾਵਾਂ ਨੂੰ ਗ੍ਰਿਹਣ ਕਰਦਾ ਹੈ।

 

ਇਹ ਕਿਤਾਬ ਆਧੁਨਿਕ ਅੰਗ੍ਰੇਜ਼ੀ ਹਾਇਕੂ  ਰ. ਹ. ਬਲਿਥ ਅਤੇ ਉਹਨਾਂ ਜਾਪਾਨੀ ਕਵੀਆਂ ਅਤੇ ਆਲੋਚਕਾਂ ਤੋਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੈ ਜਿਹਨਾਂ ਦੇ ਮਨ ਦਾ ਸੰਚਾ ਉਸ ਸ਼ਬਦਾਵਲੀ ਦੀਆਂ ਪ੍ਰੀਭਾਸ਼ਾਵਾਂ ਨੇਂ ਢਾਲਿਆ ਜੋ ਸਿਰਫ਼ ਅਤੇ ਸਿਰਫ਼ ਪੱਛਮੀ ਵਿਚਾਰਧਾਰਾ ਦਾ ਹੀ ਖ਼ਾਸਾ ਹੈ। ਇਸ ਵਿੱਚ ਪੇਸ਼ ਕੀਤੀਆਂ ਕਵਿਤਾਵਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਪ੍ਰਾਚੀਨ ਉਸਤਾਦ ਕਵੀਆਂ ਦਾ ਪ੍ਰਭਾਵ ਰੀਣ ਮਾਤਰ ਵੀ ਨਹੀਂ ਹੈ। ਇਸ ਸੰਗ੍ਰਿਹ ਬਾਰੇ ਸਭਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸੰਸਾਰ ਦੇ ਮੁਹਰਲੀਆਂ ਸਫ਼ਾਂ ਦੇ ਹੋੱਕੂ ਕਵੀ ਅਸਲੋਂ ਹੀ ਨਾਦਾਰਦ ਹਨ। ਸਾਰੇ ਨਾਮ ਜਾਣੇ-ਪਛਾਣੇ ਹਨ ਜਿਵੇਂ ਕਿ ਸੰਪਾਦਕਾਂ ਅਤੇ ਸਰੋਤਾਂ ਵਾਂਗ ਹੀ। ਸਰ-ਤੱਤ, ਕਿਤਾਬ ਦੁਆਰਾ ਪ੍ਰਗਟਾਈ ਹਾਇਕੂ ਦੀ ਸਥਿਤੀ,, ਇਤਿਹਾਸ ਅਤੇ ਪ੍ਰੀਭਾਸ਼ਾ ਉਹੀ ਪੁਰਾਣੇ ਲਿਖੇ ਦਾ ਦਹੁਰਾਓ ਹੀ ਹੈ – ਪੁਰਾਣੀ ਬੋਤਲ ਵਿੱਚ ਪੁਰਾਣੀ ਸ਼ਰਾਬ।

 

ਇਸ ਵਿੱਚ ਹਵਾਲੇ ਦੇ ਕੇ ਕੀਤੀ ਵਿਦਵਤਾਪੂਰਣ ਅਧਿਕਾਰ ਵਾਲੀ ਗੱਲ ਦੀ ਕਮੀ ਹੈ, ਬੱਸ ਉਹੀ ਪੁਰਾਣੀਆਂ ਗਲਾਂ, ਉਹਨਾ ਦਾ ਹੀ ਸਿੱਧੜਾਂ ਵਾਲਾ ਦਹੁਰਾਉ।  ‘ਆਧੁਨਿਕ ਅੰਗ੍ਰੇਜ਼ੀ ਹਾਇਕੂ’, “ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਨੂੰ ਪੜ੍ਹਨ ਅਤੇ ਸਮਝਣ ਲਈ ਇੱਕ ਨਵਾਂ ਮਾਪਦੰਡ” ਸਥਾਪਤ ਕਰਨ ਦੇ ਦਾਵੇ ਦੀ ਪੂਰਤੀ ਵਿੱਚ ਅਸਫਲ ਹੈ।

 

ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਵਿੱਚ ਡੌਨ ਬੇਅਰਡ ਲਿਖਦਾ ਹੈ:

 

“ਜ਼ੌਕਾ ਤਹਿਤ ਖਿਣਭੰਗੁਰਤਾ ਅਤੇ ਚਲਾਇਮਾਨਤਾ ਦਾ ਅਹਿਸਾਸ ਸਪਸ਼ਟ ਰੂਪ ਵਿੱਚ ਬਾਸ਼ੋ ਦੇ ਹਾਇਕੂ/ਹੋੱਕੂ-ਸੁਹਜ ਦੇ ਅਤਿਰਿਕਤ ( ਵਾਫ਼ਰ ) ਪਹਿਲੂ ਹਨ। ਇਹ ਜ਼ੌਕਾ ਦੀ ਬੁਹਾਰਨ ਵਾਲੇ ਜਵਾਰ ਵਿੱਚ ਇੱਕ ਵਿਸ਼ੇਸ਼ ਰੂਪ ਵਿੱਚ ਬੁਣੇ ਹੋਏ ਹਨ। ਇਸ ਪੱਖ ਤੋਂ ਦੇਖਿਆਂ ਹਾਇਕੂ ਅਤੇ ਜ਼ੌਕਾ ‘ਦਰਮਿਆਨ’ ਜੋੜਨ ਵਾਲੀ ਕਿਸੇ ਕੜੀ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਇਕਮਿਕ ਹਨ, ਇੱਕੋ ਹਨ।”

 

ਬਾਸ਼ੋ ਦਾ ਹਾਇਕੂ/ਹੋੱਕੂ ਸੁਹਜ ? ਹੋੱਕੂ ਅਤੇ ਹਾਇਕੂ ਇੱਕੋ ਨਹੀਂ ਹਨ। ਅਜਿਹਾ ਦਾਵਾ ਕਰਨਾ ਇਤਿਹਾਸਿਕ ਅਤੇ ਵਿਆਖਿਆ-ਵਿਧਾਨ ਦੇ ਵਿਗਿਆਨ ( ਪ੍ਰਣਾਲੀ ) ਨੂੰ ਸ਼ਰੇਆਮ ਨਜ਼ਰ-ਅੰਦਾਜ਼ ਕਰਨਾ ਹੈ।

 

ਇਸ ਰਸਾਲੇ ਵਿੱਚੋਂ ਕੁਝ ਨਮੂਨੇ ਟੂਕ ਮਾਤ੍ਰ ਵਾਚਦੇ ਹਾਂ:

 

ਰਾਤ ਵਾਲੀ ਰੇਲ

ਮੇਰਾ ਸਵਰਗਵਾਸੀ ਤਾਇਆ ਕੱਟੇ ਟਿੱਕਟਾਂ

ਮੇਰੇ ਸੁਫਨਿਆਂ ਦੀ ਮੰਜ਼ਿਲ ਲਈ

– ਪ੍ਰਿਸ ਕੈਂਪਬੈੱਲ

 

ਰਾਤ ਚਾਨਣੀ ਇੰਨਾਂ ਸ਼ਰਾਬੀ ਕਿ ਮੂਤਣ ਲਈ ਬਿਸਤਰ ਚੋਂ ਨਿਕਲਾਂ

– ਜੀਨ ਮੁਰਥਾ

 

ਅੱਧੀ ਰਾਤ ਚੁਰਟ ਕਾਰ ਮਾਰੇ ਪਟਾਕੇ

– ਜੋਹੈਨਸ ਸ. ਹ. ਬਰਗ

 

ਇਕਤ੍ਰ ਕੀਤੇ—

ਸਕੂਲ ਦੇ ਕੂੜਾਦਾਨ

ਰੁੜਣ ਰੁੜ ‘ਣ ਰੁਕਣ।  ਰੁ ‘ ੜ ‘ ਣ

ਰ ‘ ਉ ‘ ੜ ਰਹੇ ਹਵਾ ਨਾਲ।

– ਐਨਥਨੀ ਰੁਟਲੈੱਜ

 

ਹਾਇਕੂ ਅਤੇ ਹੋੱਕੂ ਕੀ ਇੱਕੋ ਨਸਲ ਲਈ ਦੋ ਨਾਮ ਹਨ ? ਬਾਸ਼ੋ, ਬੁਸੋਂ ਦੋਹੋ, ਇੱਸਾ, ਚਿਯੋ-ਨੀ ਨੇਂ ਹੋੱਕੂ ਰਚੇ। ਉਹਨਾਂ ਦੀ ਕਵਿਤਾ ਨੂੰ ਅੰਡਰ ਦ ਬਾਸ਼ੋ ਦੇ ਉੱਪਰ ਜ਼ਿਕ੍ਰ ਕੀਤੇ ਨਮੂਨਿਆਂ ਨਾਲ ਮਿਲਾ ਕੇ ਦੇਖੋ। 

 

ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਦੇ ਸੰਪਾਦਕੀ ਲੇਖ ਵਿੱਚ ਬੇਅਰਡ ਵਿੱਚ ਕਹਿੰਦਾ ਹੈ:

 

“ਇਹ ਉਹ ਰਸਾਲਾ ਹੈ ਜੋ ਬਾਸ਼ੋ ਕਾਵਿ ਦੇ ਸ਼ਾਸ਼ਤਰ ਅਤੇ ਸੁਹਜ ਦੀਆਂ ਕਦਰਾਂ ਦੀ ਕਦਰ ਕਰਦਾ ਹੈ ਅਤੇ ਨਾਲ ਹੀ ਆਧੁਨਿਕ ਚਿੰਤਕ ਅਤੇ ਉਹਨਾਂ ਦੇ ਕਾਵਿ ਉਪਰਾਲਿਆਂ ਲਈ ਖ਼ਾਬ-ਸਤਾਨ ਮੁਹਈਆ ਕਰਨ ਦੇ ਖ਼ਿਆਲ ਨਾਲ ਵੀ ਬਗਲਗੀਰ ਹੁੰਦਾ ਹੈ।”

 

ਬਾਸ਼ੋ ਦੇ ਕਾਵਿ-ਵਿਧਾਨ ਅਤੇ ਸੁਹਜ-ਸ਼ਾਸ਼ਤਰ ਦੀ ਕਦ੍ਰ ਕਰਨ ਲਈ ਉਹਨਾਂ ਨੂੰ ਸਮਝਨਾ ਵੀ ਜਰੂਰੀ ਹੈ। ਬਾਸ਼ੋ ਨੇ ਜੋ ਸਿਖਾਇਆ ਅਤੇ ਹੰਢਾਇਆ, ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਦੀਆਂ ਜ਼ਿਆਦਾਤਰ ਕਵਿਤਾਵਾਂ ਉਸਦਾ ਵਿਲੋਮ ਹਨ, ਵਿਪ੍ਰ੍ਯ੍ਯ ਹਨ, antithesis ਹਨ ।

 

ਹਾਇਕੂ ਦੇ ਕੁਝ ਹੋਰ ਸੰਕਲਪ:

 

ਫੇਰਿਸ ਗਿੱਲੀ ਨੇ ਨਿਊ ਜ਼ੀਲੈਂਡ ਪੋਇਟਰੀ ਸੋਸਾਇਟੀ ਲਈ ਲਿਖੇ ਆਪਣੇ ਲੇਖ, ਸੀਜ਼ਨਿੰਗ ਯੂਅਰ ਹਾਇਕੂ ( Seasoning ਦੇ ਅਰਥ ਇੱਕੋ ਸਮੇਂ ਰੁੱਤ ਪ੍ਰਵੇਸ਼ ਵਜੋਂ ਅਤੇ ਮਸਾਲਾ ਲਾਉਣ ਵਜੋਂ ਕੀਤੇ ਜਾ ਸਕਦੇ ਹਨ। – ਅਨੁ. ), ਵਿੱਚ ਲਿਖਿਆ:

 

“ਹਾਇਕੂ ਦੀ ਜਿਸ ਪ੍ਰੀਭਾਸ਼ਾ ਦੇ ਮੈਂ ਹੱਕ਼ ਵਿੱਚ ਹਾਂ ਉਸਦੀ ਮਨੌਤ ਇਹੋ ਹੈ ਕਿ ਹੋਰਾਂ ਗੱਲਾਂ ਦੇ ਨਾਲ-ਨਾਲ, ਪ੍ਰੰਪਰਾਵਾਦੀ ਹਾਇਕੂ ਅਤਿ ਲਘੂ ਕਵਿਤਾ ਹੈ ਜੋ ਕੁਦਰਤ ਅਤੇ/ਜਾਂ ਕੁਦਰਤ ਨਾਲ ਮਨੁੱਖਾ ਸੰਬੰਧਾਂ ਬਾਰੇ ਹੈ ( ਅਕਸਰ ਬੇਹੱਦ ਸੂਖਮਤਾਈ ਨਾਲ ਮਨੁੱਖਾ-ਸਭਾਉ ਬਾਰੇ ਕੁਝ ਪ੍ਰਗਟ ਕੁਝ ਜ਼ਾਹਿਰ ਕਰਦੀ ਹੋਈ ), ਆਦਰਸ਼ ਰੂਪ ਵਿੱਚ ਇਸ ਵਿੱਚ ਕੀਗੋ ਹਾਜ਼ਰ ਹੁੰਦੀ ਹੈ। ( ਮਨੁੱਖ ਵੀ ਕੁਦਰਤ ਦਾ ਹਿੱਸਾ ਹਨ, ਭਾਵੇਂ ਕਿ ਕੁਝ ਕੁ ਕਿੰਨੇ ਵੀ ਗੈਰਕੁਦਰਤੀ, ਵਿਪਥਗਾਮੀ, ਅਸਲ ਤੋਂ ਭਟਕੇ ਹੋਏ ਕਿਉਂ ਨਾਂਹ ਦਿਸਣ। ਫਿਰ ਵੀ, ਆਦਰਸ਼ ਰੂਪ ਵਿੱਚ, ਮਨੁੱਖਾ ਹਵਾਲਾ/ਇਸ਼ਾਰਾ ਕਦੇ ਵੀ ਹਾਇਕੂ ‘ਤੇ ਭਾਰੀ ਨਾ ਹੋਵੇ। )”

 

ਜਾਪਾਨੀ ਕਵਿਤ੍ਰੀ ਓਨੀਸ਼ੀ ਯਾਸਾਯੋ ਨੇ ਰਿਚਰਡ ਗਿਲਬਰਟਨ ( “ਅੰਤਰਆਤਮਾ ਦੀਆਂ ਕਵਿਤਾਵਾਂ” ਵਾਲਾ )  ਨਾਲ 5 ਅਗਸਤ, 2007 ਨੂੰ ਹੋਏ ਇੱਕ ਰੂਹ-ਬ-ਰੂਹ ਦੌਰਾਨ ਆਖਿਆ:

“ਅੱਜ ਦਾ ਹਾਇਕੂ ਸੇਨ੍ਰ੍ਯੁ ਦੇ ਖਿੱਤੇ ਵਿੱਚ ਖਹਿੰਦਾ ਹੈ ਅਤੇ ਸੇਨ੍ਰ੍ਯੁ ਹਾਇਕੂ ਦੇ ਇਲਾਕੇ ਵਿੱਚ ਘੁਸਪੈਠ ਕਰਦਾ ਹੈ।”

 

ਉਸਨੇ ਇਹ ਵੀ ਕਿਹਾ:

 

“ਜਦੋਂ ਪਾਠਕਾਂ ਅਤੇ ਲੇਖਕਾਂ ਦੀਆਂ ਇਹ ਦੇਸ਼ਾਂਤਰ ਅਤੇ ਅਕਸ਼ਾਂਸ਼ ਰੇਖਾਵਾਂ ਸਹਿਮਤੀ ਵਿੱਚ ਮਿਲਦੀਆਂ ਹਨ ਤਾਂ ਅਸੀਂ  ਹਾਂ, “ਇਹ ਹਾਇਕੂ ਹੈ” ਅਤੇ “ਇਹ ਸੇਨ੍ਰ੍ਯੁ ਹੈ।” ਪਰ, ਜਿਉਂ ਹੀ ਅਸੀਂ ਇਸੇ ਆਮ ਰਾਏ ਨੂੰ ਹਾਇਕੂ ਅਤੇ ਸੇਨ੍ਰ੍ਯੁ ਵਿਚਲੀ ਭਿੰਨਤਾ ਪ੍ਰੀਭਾਸ਼ਿਤ ਕਰਨ ਲਈ ਵਰਤਦੇ ਹਾਂ ਤਾਂ ਰਚਣਹਾਰੇ ਕਵੀਆਂ ਅਤੇ ਲੋਕਾਈ ਦੀ ਸਮਝ ਦਰਮਿਆਨ ਵਿਖਰੇਵੇਂ ਦੀ ਇੱਕ ਖਾਈ ਪੁੱਟੀ ਜਾਂਦੀ ਹੈ।”

 

ਸੇਨ੍ਰ੍ਯੁ ਅਤੇ ਹਾਇਕੂ ਦਾ , ਆਮ ਤੌਰ ‘ਤੇ, ਇੱਕ ਹੀ ਵਿਧਾ ਵਜੋਂ ਮਿਲਗੋਭਾ ਬਣ ਚੁੱਕਾ ਹੈ, ਹਾਇਕੂ ਅਤੇ ਸੇਨ੍ਰ੍ਯੁ ਨੂੰ ਪ੍ਰੀਭਾਸ਼ਿਤ ਕਰਦੀ ਸੀਮਾਬੰਦੀ ਦੀ ਰੇਖਾ ਇੱਕ ਅਜਿਹਾ ਧੁੰਦਲਾ ਖਿੱਤਾ ਹੈ ਜਿਸਦੀ ਲਕੀਰ ਨੂੰ ਸਿਧਾਂਤਕ ਅਤੇ ਵਿਦਿਅਕ ਅਧਿਕਾਰਸੰਪੰਨਤਾ ਨਾਲ ਸਪਸ਼ਟ ਤੇ ਗਾੜ੍ਹੀ ਕਰਨ ਦੀ ਫ਼ਿਕਰ ਥੋੜ੍ਹੇ ਜਿਹੇ ਹੀ ਵਿਅਕਤੀਆਂ ਨੂੰ ਹੈ। ਕੁਝ ਸੋਚਦੇ ਹਨ ਕਿ ਸੇਨ੍ਰ੍ਯੁ ਕਿਸੇ ਮਸਖਰੇ ਦੀ ਮਨਬਚਨੀ ਵਾਂਗ ਕਿਹਾ ਗਿਆ ਇੱਕ ਮਖੌਲੀਆ ਕਾਵਿ ਹੈ। ਕੁਝ ਕੁ ਦੀ ਸਮਝ ਹੈ ਕਿ ਇਹ ਮਨੁੱਖਾ-ਕੇਂਦ੍ਰਿਤ ਹੈ ਜਦੋਂ ਕਿ ਹਾਇਕੂ ਕੁਦਰਤ-ਕੇਂਦ੍ਰਿਤ। ਸਮੱਸਿਆ ਹੋਰ ਵੀ ਡੂੰਘੀ ਹੋ ਜਾਂਦੀ ਹੈ ਜਦੋਂ ਕੋਈ ਮਨੁੱਖੀ ਜੀਵਨ ਨੂੰ ਵੀ ਕੁਦਰਤ ਦਾ ਹੀ ਇੱਕ ਹਿੱਸਾ ਗਿਣਦਾ ਹੈ। ਆਨ-ਲਾਈਨ ਅਤੇ ਛਪਣ ਵਾਲੇ ਜ਼ਿਆਦਾਤਰ ਰਸਾਲਿਆਂ ਵਿੱਚ ਹਾਇਕੂ ਅਤੇ ਸੇਨ੍ਰ੍ਯੁ ਨੂੰ ਬਿਨਾਂ ਕਿਸੇ ਸਪਸ਼ਟ ਹੱਦਬੰਦੀ ਦੇ ਇਕੱਠਿਆਂ ਹੀ ਚੇਪ ਦਿਤਾ ਜਾਂਦਾ ਹੈ। ਕੁਝ ਉਦਾਹਰਨਾਂ ਪੇਸ਼ ਹਨ ਜਿੱਥੇ ਇਹ ਨਹੀਂ ਦੱਸਿਆ ਗਿਆ ਕੀ ਕੌਣ ਕੀ ਹੈ:

 

ਵਧਦੇ ਵਧਦੇ

ਘਟਦੇ ਘਟਦੇ

ਵਾਲ

– ਬਿਲੀ ਡੀ; ਸੇਨ ਡਿਏਗੋ, ਕੈਲੀਫ਼ੋਰਨੀਆ; ਫ੍ਰੌਗਪੌਂਡ 36.2.2013

 

ਲੰਬੀ ਹਵਾਈ ਉੜਾਨ

ਚੇਤੇ ‘ਚੋਂ ਵਿਸਰਦਾ ਜਾਵੇ

ਨਾਲ ਬੈਠਾ ਬੰਦਾ

– ਲੀਰੋਏ ਗੋਰਮਨ; ਓਨਟੇਰੀਓ, ਕੇਨੇਡਾ; ਹੇਰੋਨ’ਜ਼ ਨੈਸਟ 2013

 

ਜੂਨ ਦਾ ਵਿਆਹ

ਪੁਨਰਵਿਚਾਰਾਂ ਨਾਲ ਭਰਿਆ

ਚਰਚ ਸਾਰਾ

– ਜੁਰਗਣ ਜੋਹਾਨਸਨ; ਲਿਦਕੂਪਿੰਗ, ਸਵੀਡਨ; ਹੇਰੋਨ’ਜ਼ ਨੈਸਟ 2013

 

ਲੰਬੀਤਮ ਰਾਤ

ਕੁੱਤਾਘਰ ਵਿੱਚ ਫਸਿਆ

ਸ਼ਿਕਾਰੀ ਕੁੱਤਾ

– ਹਾਇਕੂ ਏਲਵਿਸ ( ਕਾਰਲੋਸ ਕੋਲਨ ); ਲੂਈਜ਼ੀਆਨਾ, ਅਮਰੀਕਾ  

 

ਤਲਾਕ—

ਤੀਵੀਂ ਨੇ ਕਰਵਾਇਆ ਖੱਸੀ

ਕੁੱਤਾ ਆਪਣਾ

– ਬਿੱਲ ਪਾਲੀ; ਦਬੱਕ਼, ਆਈਓਵਾ; ਮਾਡਰਨ ਹਾਇਕੂ 44.2

 

ਵਾਗੀਦਾਲਮਮਮਮਮਕਿਆਹੇਹਾ       cowboyellonghornery

– ਏਮਲੀ ਰੋਮਾਨੋ; ਅਮਰੀਕਾ; ਮਾਡਰਨ ਹਾਇਕੂ 44.2 2013

 

 

ਪ੍ਰੀਭਾਸ਼ਾਵਾਂ ਸਦਾ ਹੀ ਆਨ-ਲਾਈਨ ਰਸਾਲਿਆਂ ਜਾਂ ਛਾਪੇਖਾਨਿਆਂ ਵਿੱਚ ਹੀ ਨਹੀਂ ਛਾਪ ਹੁੰਦੀਆਂ। ਇਹਨੇ ਦੇ ਲਾਗੂ ਕਰਨ ਦੇ ਕਈ ਤਰੀਕੇ ਹਨ ਜਿਹਨਾਂ ਵਿੱਚ ਰਚਨਾਵਾਂ ਦੀ ਸਵੀਕ੍ਰਿਤੀ, ਛਾਯਾ ਕਰਨਾ, ਹਵਾਲੇ ਵਜੋਂ ਵਰਤਣਾ ਕੁਝ ਕੁ ਹਨ। ਸਿਖਿਆ ਜਗਤ ਦੇ ਵਿਦਵਾਨ ਤਬਕੇ ਅਤੇ ਮੁੱਖਧਾਰਾ ਦੀਆਂ ਹਾਇਕੂ ਨਾਲ ਸੰਬੰਧਿਤ ਸੰਸਥਾਵਾਂ ਦੁਆਰਾ ਸਰਬ-ਪ੍ਰਵਾਨਿਤ ਸ਼੍ਰੇਣੀ-ਵੰਡ ਅਤੇ ਪ੍ਰੀਭਾਸ਼ਾ ਤੋਂ ਬਿਨਾਂ ਹਾਇਕੂ ਇੱਕ ਬੇਅਸੂਲੀ ਮਨਮੱਤ ਬਣ ਚੁੱਕਾ ਹੈ, ਇੱਕ ਐਸੀ ਜੰਗਲੀ-ਬੂਟੀ ਜੋ ਜਿੱਥੇ ਮਨ ਕਰੇ ਉੱਗ ਪੈਂਦੀ ਹੈ, ਕਿਸੇ ਹੱਦ ਸਰਹੱਦ ਦੀ ਪ੍ਰਵਾਹ ਕੀਤਿਆਂ ਬਗੈਰ, ਚੇਸ਼ਾਇਰ ਦੀ ਮਾਣੋ-ਬਿੱਲੀ ਕਿਸੇ ਨਸ਼ੇ ਦੇ ਅਸਰ ਹੇਠ, ਜਿਵੇਂ ਸ਼ੇਖ਼ਚਿੱਲੀ ਨੇਂ  ਭੰਗ ਪੀਤੀ ਹੋਈ ਹੋਵੇ। ਨਿਯਮ, ਅਸੂਲ ? ਉਹ ਤਾਂ ਰੰਗ ਵਟਾਉਂਦੇ ਹਨ ਪ੍ਰਕਾਸ਼ਨਾਂ, ਬਲੌਗ-ਲੇਖਕਾਂ, ਕਿਤਾਬਾਂ ਅਤੇ ਮਨ ਦੇ ਫੁਰਨਿਆਂ ਨਾਲ। “ਅਹਾ ਖਿਣ” ਚਾਹੀਦੈ, ਕੋਈ ਲੋੜ ਨਹੀਂ ਕਿਸੇ “ਅਹਾ ਖਿਣ” ਦੀ; ਅਲੰਕਾਰ ਵਰਤੋ ਠੀਕ ਹੈ, ਅਲੰਕਾਰ ਵਰਤੋ ਤੋਂ ਪ੍ਰਹੇਜ਼ ਕੀਤਾ ਈ ਚੰਗਾ; ਕੀਗੋ ਹੋਈ ਬੀਤੇ ਦੀ ਗੱਲ, ਕੀਗੋ ਇਸਦਾ ਅਭਿੰਨ ਅੰਗ।

 

ਮੈਂ ਇਸ ਨਿਬੰਧ ਵਿੱਚ ਕਈ ਸਿਰ-ਕੱਢਵੇਂ ਹਾਇਕੂ ਦਾ ਉੱਲੇਖ ਕੀਤਾ ਹੈ, ਮੇਰੀ ਮਨਸ਼ਾ ਉਹਨਾਂ ਦੇ ਰਚਣਹਾਰਿਆਂ ਨੂੰ ਸ਼ਰਮਿੰਦਾ ਕਰਨਾ ਨਹੀਂ ਸਗੋਂ ਇੱਕ ਅਜਿਹੀ ਸਮੱਸਿਆ ਨੂੰ ਰੌਸ਼ਨੀ ਵਿੱਚ ਲਿਆਉਣਾ ਹੈ ਜਿਸ ਨੂੰ ਕੋਈ ਵੀ ਮੁਖਾਤਿਬ ਨਹੀਂ ਹੋ ਰਿਹਾ। ਹਾਇਕੂ ਕੋਈ ਜਾਪਾਨੀ ਕਾਵਿ ਵਿਧਾ ਨਹੀਂ ਹੈ। ਹਾਇਕੂ, ਹੋੱਕੂ ਦਾ ਰੂਪਾਂਤਰਨ ਜਾਂ ਪੁਨਰ-ਉੱਥਾਨ ਨਹੀਂ ਹੈ। ਹਾਇਕੂ ਤਾਂ ਜਿਹੜਾ ਵੀ ਕੋਈ ਜਿਸ ਵੀ ਕਿਸੇ ਚੀਜ਼ ਦਾ ਨਾਮਕਰਣ ਕਰ ਦੇਵੇ ਉਸੇ ਵਸਤ ਦਾ ਨਾਮ ਹੈ, ਇਤਿਹਾਸ ਅਤੇ ਵਿਆਖਿਆ-ਪ੍ਰਣਾਲੀ ਦੇ ਵਿਧਾਨ ਦਾ ਵਿਗਿਆਨ ( hermeneutics ) ਗਏ ਢੱਠੇ ਖੂਹ ਵਿੱਚ।

 

ਸਰਦ ਹਵਾਵਾਂ ਵਗਣ 

ਦਿਓਦਾਰ ਦੇ ਰੁੱਖਾਂ ਦਰਮਿਆਨ

ਚਟਾਨਾਂ ਲੱਗਣ ਸਾਣ ‘ਤੇ

 

– ਮਾਤਸੁਓ ਬਾਸ਼ੋ

( ਮੂਲ ਤੋਂ ਡੇਵਿਡ ਲੈਂਡਿਸ ਬਾਰਨਿੱਲ ਦੇ ਅਨੁਵਾਦ ਤੋਂ ਉਧਰਿਤ )

 

ਹੈਰਲਡ ਹੇਂਡ੍ਰਸਨ ਨੇ ਆਪਣੀ ਕਿਤਾਬ ਅੰਗ੍ਰੇਜ਼ੀ ਵਿੱਚ ਹਾਇਕੂ ਵਿੱਚ ਲਿਖਿਆ:

 

“ਅਜੇ ਤੱਕ ਅਮਰੀਕਣ ਕਵੀਆਂ ( ਜਾਂ ਸੰਪਾਦਕਾਂ ) ਦਰਮਿਆਨ ਇਸ ਗਲ ਬਾਰੇ ਇੱਕਮੱਤ ਨਹੀਂ ਪੈਦਾ ਹੋ ਸਕਿਆ ਕਿ ਉਹ ਕਿਹੜੇ ਤੱਤ ਹਨ ਜੋ ਅੰਗ੍ਰੇਜ਼ੀ ਵਿੱਚ ਹਾਇਕੂ ਨੂੰ ਨਿਰਮਤ ਕਰਦੇ ਹਨ—ਅਤੇ ਇਹ ਕਿਸੇ ਇੰਨੇ ਹੀ ਛੋਟੇ ਆਕਾਰ ਵਾਲੀ ਕਵਿਤਾ ਤੋਂ ਕਿਵੇਂ ਭਿੰਨ ਹੈ। ਦੂਸਰੇ ਸ਼ਬਦਾਂ ਵਿੱਚ ਅੰਗ੍ਰੇਜ਼ੀ ਵਿੱਚ ਹਾਇਕੂ ਹਾਲੀਂ ਆਪਣੇ ਬਚਪਨੇ ਦੀ ਆਰੰਭਿਕ ਅਵਸਥਾ ਵਿੱਚੋਂ ਹੀ ਗੁਜ਼ਰ ਰਿਹਾ ਹੈ।”

 

ਪ੍ਰੋਫੈਸਰ ਗਿਲਬਰਟ ਆਪਣੇ ਪਰਚੇ ਅੰਗ-ਭੰਗ ਦੈਂਤ-ਪਤੰਗਾ: ਸਮਕਾਲੀਨ ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਦੀ ਪ੍ਰੀਭਾਸ਼ਾ ਅਤੇ ਕਾਰਜਵਿਧੀ ਦੀ ਬੇਤਰਤੀਬੀ ਦੀ ਇੱਕ ਪੜਤਾਲ ( The Disjunctive Dragonfly: A Study of Disjunctive Method and Definitions in Contemporary English-Language Haiku ) ਵਿੱਚ ਆਖਦਾ ਹੈ:

 

“ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਜਾਪਾਨੀ ਹਾਇਕੂ ਨੂੰ ਹਮੇਸ਼ਾ ਘਟਾ ਕੇ ਇਸਦੀ ਕੁਵਿਆਖਿਆ ਹੋਈ ਹੈ ਅਤੇ ਕਿ ਅੰਗ੍ਰੇਜ਼ੀ ਹਾਇਕੂ ਹਮੇਸ਼ਾ ਅਪ੍ਰੀਭਾਸ਼ਿਤ ਰਿਹਾ ਹੈ, ਹਾਇਕੂ ਸੋਸਾਇਟੀ ਆਵ ਅਮੇਰਿਕਾ (HSA) ਦੁਆਰਾ ਕੀਤੀਆਂ ਪ੍ਰੀਭਾਸ਼ਾਵਾਂ ਉਹਨਾਂ ਦੀਆਂ ਸਭਿਆਚਾਰਿਕ ਖੁਸ਼ਫਹਿਮੀ ‘ਚੋਂ ਉਗਮੀਆਂ ਤਮੰਨਾਵਾਂ ਮਾਤ੍ਰ ਹੀ ਹਨ।”

 

ਅਬਿਗੇਲ ਫ੍ਰਿਡਮੈਨ ਆਪਣੀ ਕਿਤਾਬ ਹਾਇਕੂ ਪਰੀਕਸ਼ਣ  ਵਿੱਚ ਲਿਖਦੀ ਹੈ:

 

“ਪੱਛਮ ਵਿੱਚ ਹਾਇਕੂ ਲਿਖਣ ਦੀ ਵੰਗਾਰ ਅਤੇ ਉਤੇਜਨਾ ਜ਼ਿਆਦਾਤਰ ਇਸੇ ਤੱਥ ਵਿਚੋਂ ਆਉਂਦੀ ਹੈ ਕਿ ਇਸਦੇ ਕੋਈ ਸਰਬਮਾਨ੍ਯ ਨਿਯਮ ਨਹੀਂ ਹਨ। ਜਾਪਾਨ ਵਿੱਚ ਵੀ ਸਥਿਤੀ ਇਸਤੋਂ ਭਿੰਨ ਨਹੀਂ ਹੈ। ਉੱਥੇ ਸਮਕਾਲੀਨ ਕਵੀ ਮੌਜੂਦ ਨਿਯਮਾਂ ਨੂੰ ਵੰਗਾਰਦੇ ਹਨ; ਪੱਛਮ ਵਾਲੇ ਨਿਯਮਾਂ ਦੇ ਘੜਣ ਦੀ ਜਦੋਜਹਿਦ ਕਰ ਰਹੇ ਹਨ।”

 

ਹਾਰੂਓ ਸ਼ਿਰਾਨੇ ਮਾਡਰਨ ਹਾਇਕੂ ( ਸਰਦ/ਬਸੰਤ 2000) ਲਈ ਲਿਖੇ ਆਪਣੇ ਲੇਖ ਹਾਇਕੂ “ਪਲ” ਦੇ ਪਾਰ : ਹਾਇਕੂ ਸੰਬੰਧੀ ਆਧੁਨਿਕ ਮਿੱਥ ਅਤੇ ਬਾਸ਼ੋ ਤੇ ਬੁਸੋਂ ਵਿੱਚ ਲਿਖਦਾ ਹੈ:

 

“ਉੱਤਰੀ ਅਮਰੀਕਾ ਦੇ ਹਾਇਕੂ ਕਵੀਆਂ ਨੇਂ ਜੋ ਖ਼ਾਲਿਸ ਜਾਪਾਨੀ ਵਜੋ ਸਵੀਕਾਰ ਕੀਤਾ ਉਸ ਸਭ ਦੀਆਂ ਜੜ੍ਹਾਂ ਦਰਅਸਲ ਪਹਿਲਾਂ ਤੋਂ ਹੀ ਪੱਛਮੀ ਸਾਹਿਤ ਧਾਰਾ ਵਿੱਚ ਹੀ ਮੌਜੂਦ ਸਨ।”

 

ਨਿਊ ਵਰਲਡ ਏਨਸਾਇਕਲੋਪਿਡਿਆ ਦਾ ਬਿਆਨ ਹੈ:

 

“ਵਿਚਾਰਾਂ ਅਤੇ ਵਿਧੀਆਂ ਦੀ ਅਜਿਹੀ ਵਿਭਿੰਨਤਾ ਕਾਰਣ, ਕਿਸੇ ਇੱਕ ਸ਼ੈਲੀ, ਸੰਚੇ ਜਾਂ ਵਿਸ਼ਾ-ਵਸਤੂ ਨੂੰ ਸਟੀਕ ਹਾਇਕੂ ਵਜੋਂ ਚੁਣ ਲੈਣਾ ਪੂਰਨ ਤਰਾਂ ਨਾਲ ਅਸੰਭਵ ਹੈ।”

 

ਬਗੈਰ ਪਰਿਭਾਸ਼ਾ ਦੇ ਕੋਈ ਵੀ ਕਾਵਿ ਰੂਪ ਰੂਪਹੀਣ, ਮਾਪਦੰਡ ਰਹਿਤ, ਬੇਅਸੂਲਾ ਅਤੇ ਦਿਸ਼ਾਹੀਣ ਹੁੰਦਾ ਹੈ। ਹਾਇਕੂ ਬਿਲਕੁਲ ਇਹੋ ਹੀ ਬਣ ਚੁੱਕਾ ਹੈ।

 

ਹਾਇਕੂ ਹਾਇਕੂ ਹੁੰਦਾ ਹੈ, ਬਿੰਬ-ਸਿਰਜਿਕ/ਵਾਦੀ ( Imagist ) ਕਵਿਤਾ ਹੁੰਦਾ ਹੈ, ਇੱਕੋ ਸ਼ਬਦ ਹੁੰਦਾ ਹੈ, ਸੇਨ੍ਰ੍ਯੁ ਹੁੰਦਾ ਹੈ, ਸ਼ਬਦ-ਚਿਤ੍ਰ ਹੁੰਦਾ ਹੈ …. ਯੇ  ਹੁੰਦਾ ਹੈ …. ਵੋਹ ਹੁੰਦਾ ਹੈ …

ਜੇ ਹਾਇਕੂ ਕੋਈ ਸਾਹਿਤ ਵਿਧਾ ਨਹੀਂ ਹੈ ਤਾਂ ਹੈ ਕੀ? ਇੱਕ ਸੁਪਨਦੋਸ਼, ਪੱਛਮ ਦੀ ਮੂਤ-ਗ੍ਰੰਥੀ ਦੀ ਧਾਰ, ਹੋੱਕੂ ਦਾ ਉਪਨਿਵੇਸ਼ਣ ? ਜਾਂ ਫਿਰ, ਇਸਤੋਂ ਵੀ ਗਿਆ ਗੁਜ਼ਰਿਆ, ਇੱਕ ਬੇਕਾਬੂ ਨਦੀਨ ਜੋ ਮੀਜੀ ਕਾਲ ਦੇ ਅੰਤਲੇ ਸਾਲਾਂ ਵਿੱਚ ਮਾਸਾਓਕਾ ਸ਼ੀਕੀ ਦੇ ਦਾਵਿਆਂ/ਖ਼ਿਆਲਾਂ ਦਾ ਮੂੰਹ ਚਿੜਾ ਰਹੀ ਹੈ:

 

“ਮੈਨੂੰ ਜਾਪਦਾ ਹੈ ਕਿ ਹਾਇਕੂ ਆਪਣਾ ਸਮਾਂ ਵਿਹਾ ਚੁੱਕਾ ਹੈ। ਜੇ ਮੰਨ ਵੀ ਲਈਏ ਕਿ ਇਸਦਾ ਅੰਤ ਭਵਿਖ ਦੀ ਕਿਸੇ ਘੜੀ ਵਿੱਚ ਲਿਖਿਆ ਹੈ ਤਾਂ ਇੱਕ ਗੱਲ ਪੂਰੇ ਪੱਕ ਨਾਲ ਕਹੀ ਜਾ ਸਕਦੀ ਹੈ ਕਿ ਉਹ ਘੜੀ ਮੀਜੀ ਕਾਲ ਦੇ ਦੌਰਾਨ ਹੀ ਆ ਜਾਵੇਗੀ।” 

 

ਹਾਇਕੂ ਬਾਰੇ ਗੱਲਬਾਤ ਊਦਬਿੱਲੇ ਦੇ ਘੁਰਨੇ ਚੋਂ (1892)

ਅਨੁ. ਜੇਨੀਨ ਬੀਖਮੈਨ

ਮਾਸਾਓਕਾ ਸ਼ੀਕੀ: ਜੀਵਨ ਅਤੇ ਰਚਨਾ

 

ਕੀ ਹਾਇਕੂ ਸੱਚਮੁੱਚ ਹੀ ਆਪਣੀ ਅਉਧ ਪੁਗਾ ਚੁੱਕਾ ਹੈ ? ਕੀ ਇਹ ਬੇਲ੍ਹਡਾਂ ਦੀ ਖੇਡ ਅਤੇ ਉਸ ਹੋੱਕੁ ਦਾ ਇੱਕ ਹਾਸਚਿਤ੍ਰ ਬਣ ਕੇ ਰਹਿ ਗਿਆ ਹੈ ਹੋ ਕੋਬਾਯਾਸ਼ੀ ਇੱਸਾ ਦੀ ਮ੍ਰਿਤੂ ਤੋਂ ਪਹਿਲਾਂ ਰਚਿਆ ਜਾਂਦਾ ਸੀ?

Advertisements

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s